ਤਿਮੋਥਿਉਸ ਨੂੰ ਪਹਿਲੀ ਪੱਤ੍ਰੀ
ਲੇਖਕ
ਇਸ ਪੱਤ੍ਰੀ ਦਾ ਲੇਖਕ ਪੌਲੁਸ ਹੈ, 1 ਤਿਮੋਥਿਉਸ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਇਹ ਪੱਤ੍ਰੀ ਰਸੂਲ ਪੌਲੁਸ ਦੁਆਰਾ ਲਿਖੀ ਗਈ ਸੀ “ਪੌਲੁਸ, ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ੁਰ ਅਤੇ ਸਾਡੀ ਆਸ ਪ੍ਰਭੂ ਯਿਸੂ ਮਸੀਹ ਦੀ ਆਗਿਆ ਅਨੁਸਾਰ ਉਸਦਾ ਰਸੂਲ ਹਾਂ।“ (1 ਤਿਮੋਥੀ 1: 1) ਪਹਿਲੀ ਕਲੀਸਿਯਾ ਨੇ ਸਪੱਸ਼ਟ ਰੂਪ ਨਾਲ ਇਸ ਨੂੰ ਪੌਲੁਸ ਦੀ ਪੱਤ੍ਰੀ ਦੇ ਰੂਪ ਵਿੱਚ ਸਵੀਕਾਰ ਕੀਤਾ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 62-64 ਈ. ਦੇ ਵਿਚਕਾਰ ਲਿਖੀ ਗਈ।
ਜਦੋਂ ਪੌਲੁਸ ਤਿਮੋਥਿਉਸ ਨੂੰ ਅਫ਼ਸੁਸ ਵਿੱਚ ਛੱਡਿਆ ਤਾਂ ਉਹ ਮਕਦੂਨਿਯਾ ਵੱਲ ਚਲਾ ਗਿਆ। ਉੱਥੇ ਹੀ ਉਸ ਨੇ ਇਹ ਪੱਤ੍ਰੀ ਲਿਖੀ (1 ਤਿਮੋਥਿਉਸ 1:3; 3:14, 15)।
ਪ੍ਰਾਪਤ ਕਰਤਾ
ਪਹਿਲੀ ਤਿਮੋਥਿਉਸ ਦੀ ਪੱਤ੍ਰੀ ਦਾ ਇਹ ਨਾਮ ਇਸ ਲਈ ਹੈ, ਕਿਉਂਕਿ ਇਹ ਤਿਮੋਥਿਉਸ ਨੂੰ ਹੀ ਲਿਖੀ ਗਈ ਹੈ, ਜੋ ਕਿ ਪੌਲੁਸ ਦੇ ਸਫ਼ਰ ਦਾ ਸਾਥੀ ਅਤੇ ਉਸ ਦੀਆਂ ਮਿਸ਼ਨਰੀ ਯਾਤਰਾਵਾਂ ਦੇ ਦੌਰਾਨ ਉਸ ਦਾ ਸਹਾਇਕ ਸੀ। ਤਿਮੋਥਿਉਸ ਅਤੇ ਸਮੁੱਚੀ ਕਲੀਸਿਯਾ ਦੋਵੇਂ ਹੀ 1 ਤਿਮੋਥਿਉਸ ਦੇ ਪਾਠਕ ਹਨ।
ਉਦੇਸ਼
ਤਿਮੋਥਿਉਸ ਨੂੰ ਇਹ ਸਿਖਾਉਣ ਲਈ ਕਿ ਪਰਮੇਸ਼ੁਰ ਦੇ ਘਰਾਣੇ ਨੂੰ ਕਿਸ ਤਰ੍ਹਾਂ ਵਿਹਾਰ ਕਰਨਾ ਚਾਹੀਦਾ ਹੈ (3:14-15) ਅਤੇ ਇਹ ਕਿ ਤਿਮੋਥਿਉਸ ਨੂੰ ਕਿੰਨੀ ਲਗਨ ਨਾਲ ਇਨ੍ਹਾਂ ਹਿਦਾਇਤਾਂ ਨੂੰ ਫੜ੍ਹ ਕੇ ਰੱਖਣਾ ਚਾਹੀਦਾ ਹੈ। ਇਹ ਆਇਤਾਂ 1 ਤਿਮੋਥਿਉਸ ਦੀ ਪੱਤ੍ਰੀ ਦੇ ਲਈ ਪੌਲੁਸ ਦੇ ਉਦੇਸ਼ ਬਾਰੇ ਦੱਸਦੀਆਂ ਹਨ। ਉਹ ਕਹਿੰਦਾ ਹੈ ਕਿ ਉਹ ਇਸ ਲਈ ਲਿਖ ਰਿਹਾ ਹੈ, ਕਿ ਉਹ ਜਾਣ ਸਕਣ, ਕਿ ਲੋਕਾਂ ਨੂੰ ਪਰਮੇਸ਼ੁਰ ਦੇ ਘਰਾਣੇ ਵਿੱਚ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਚਾਹੀਦਾ ਹੈ, ਉਹ ਘਰਾਣਾ ਜੋ ਕਿ ਜੀਉਂਦੇ ਪਰਮੇਸ਼ੁਰ ਦੀ ਕਲੀਸਿਯਾ ਹੈ ਅਤੇ ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ। ਇਹ ਆਇਤਾਂ ਦੱਸਦੀਆਂ ਹਨ ਕਿ ਪੌਲੁਸ ਪੱਤ੍ਰੀਆਂ ਭੇਜ ਕੇ ਆਪਣੇ ਆਦਮੀਆਂ ਨਿਰਦੇਸ਼ ਦੇ ਰਿਹਾ ਹੈ ਕਿ ਉਨ੍ਹਾਂ ਨੇ ਕਿਵੇਂ ਕਲੀਸਿਯਾਵਾਂ ਨੂੰ ਮਜ਼ਬੂਤ ਕਰਨਾ ਅਤੇ ਬਣਾਉਣਾ ਹੈ।
ਵਿਸ਼ਾ-ਵਸਤੂ
ਇੱਕ ਨੌਜਵਾਨ ਚੇਲੇ ਲਈ ਹਿਦਾਇਤਾਂ
ਰੂਪ-ਰੇਖਾ
1. ਸੇਵਕਾਈ ਦੇ ਲਈ ਅਭਿਆਸ — 1:1-20
2. ਸੇਵਕਾਈ ਦੇ ਲਈ ਸਿਧਾਂਤ — 2:1-3:16
3. ਸੇਵਕਾਈ ਦੇ ਵਿੱਚ ਜ਼ਿੰਮੇਵਾਰੀਆਂ — 4:1-6:21
1
ਨਮਸਕਾਰ
1 ਪੌਲੁਸ, ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ੁਰ ਅਤੇ ਸਾਡੀ ਆਸ ਪ੍ਰਭੂ ਯਿਸੂ ਮਸੀਹ ਦੀ ਆਗਿਆ ਅਨੁਸਾਰ ਉਸਦਾ ਰਸੂਲ ਹਾਂ। 2 ਅੱਗੇ ਯੋਗ ਤਿਮੋਥਿਉਸ ਨੂੰ ਜਿਹੜਾ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਿਤਾ ਪਰਮੇਸ਼ੁਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹੇ।
ਝੂਠੇ ਗੁਰੂਆਂ ਦੇ ਵਿਰੁੱਧ ਚਿਤਾਵਨੀ
3 ਜਿਵੇਂ ਮੈਂ ਮਕਦੂਨਿਯਾ ਜਾਣ ਵੇਲੇ ਤੈਨੂੰ ਬੇਨਤੀ ਕੀਤੀ ਸੀ ਕਿ ਤੂੰ ਅਫ਼ਸੁਸ ਵਿੱਚ ਰਹੀਂ, ਤਿਵੇਂ ਹੁਣ ਵੀ ਕਰਦਾ ਹਾਂ ਕਿ ਤੂੰ ਕਈਆਂ ਨੂੰ ਹੁਕਮ ਕਰੀਂ ਜੋ ਹੋਰ ਪ੍ਰਕਾਰ ਦੀ ਸਿੱਖਿਆ ਨਾ ਦੇਣ। 4 ਅਤੇ ਕਹਾਣੀਆਂ ਅਤੇ ਅਸੀਮਿਤ ਕੁੱਲਪੱਤ੍ਰੀਆਂ ਉੱਤੇ ਮਨ ਨਾ ਲਾਉਣ, ਜਿਹੜੀਆਂ ਸਵਾਲਾਂ ਨੂੰ ਵਧਾਉਂਦੀਆਂ ਹਨ ਪਰਮੇਸ਼ੁਰ ਦੇ ਉਸ ਪ੍ਰਬੰਧ ਨੂੰ ਨਹੀਂ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ। 5 ਪਰ ਆਗਿਆ ਦਾ ਮੇਲ ਉਹ ਪਿਆਰ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਵਿਵੇਕ ਅਤੇ ਨਿਸ਼ਕਪਟ ਵਿਸ਼ਵਾਸ ਤੋਂ ਹੁੰਦਾ ਹੈ। 6 ਅਤੇ ਕਈ ਇੰਨ੍ਹਾਂ ਗੱਲਾਂ ਤੋਂ ਭਟਕ ਕੇ ਵਿਅਰਥ ਗੱਲਾਂ ਵੱਲ ਮੁੜ ਗਏ ਹਨ। 7 ਜਿਹੜੇ ਉਪਦੇਸ਼ਕ ਹੋਣਾ ਚਾਹੁੰਦੇ ਹਨ, ਭਾਵੇਂ ਉਹ ਸਮਝਦੇ ਹੀ ਨਹੀਂ ਕਿ, ਕੀ ਬੋਲਦੇ ਅਤੇ ਕਿਸ ਦੇ ਬਾਰੇ ਯਕੀਨ ਨਾਲ ਆਖਦੇ ਹਨ। 8 ਪਰ ਅਸੀਂ ਜਾਣਦੇ ਹਾਂ ਕਿ ਜੇ ਕੋਈ ਉਸ ਨੂੰ ਸਹੀ ਢੰਗ ਨਾਲ ਕੰਮ ਵਿੱਚ ਲਿਆਵੇ ਤਦ ਇਹ ਬਿਵਸਥਾ ਚੰਗੀ ਹੈ। 9 ਇਹ ਜਾਣ ਕੇ ਜੋ ਬਿਵਸਥਾ ਧਰਮੀ ਦੇ ਲਈ ਨਹੀਂ ਸਗੋਂ ਕੁਧਰਮੀਆਂ ਅਤੇ ਢੀਠਾਂ ਲਈ, ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾਂ ਲਈ, ਮਾਂ-ਪਿਓ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ। 10 ਹਰਾਮਕਾਰਾਂ, ਮੁੰਡੇਬਾਜ਼ਾਂ, ਅਗਵਾ ਕਰਨ ਵਾਲਿਆਂ, ਝੂਠ ਬੋਲਣ ਵਾਲਿਆਂ, ਝੂਠੀ ਸਹੁੰ ਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹ ਦੇ ਲਈ ਵੀ ਹੈ। 11 ਇਹ ਉਸ ਮੁਬਾਰਕ ਪਰਮੇਸ਼ੁਰ ਦੀ ਮਹਿਮਾ ਦੀ ਖੁਸ਼ਖਬਰੀ ਅਨੁਸਾਰ ਹੈ, ਜਿਹੜੀ ਮੈਨੂੰ ਸੌਂਪੀ ਗਈ ਸੀ।
ਕਿਰਪਾ ਦੇ ਲਈ ਧੰਨਵਾਦ
12 ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ, ਜਿਸ ਨੇ ਮੈਨੂੰ ਬਲ ਦਿੱਤਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਉਹ ਨੇ ਮੈਨੂੰ ਵਿਸ਼ਵਾਸਯੋਗ ਸਮਝ ਕੇ ਇਹ ਸੇਵਾ ਦਿੱਤੀਆਂ। 13 ਭਾਵੇਂ ਮੈਂ ਪਹਿਲਾਂ ਨਿੰਦਿਆ ਕਰਨ ਵਾਲਾ, ਸਤਾਉਣ ਵਾਲਾ ਅਤੇ ਧੱਕੇਖੋਰਾ ਸੀ ਪਰ ਮੇਰੇ ਉੱਤੇ ਰਹਿਮ ਹੋਇਆ ਇਸ ਲਈ ਜੋ ਮੈਂ ਇਹ ਅਵਿਸ਼ਵਾਸ ਵਿੱਚ ਅਣਜਾਣਪੁਣੇ ਨਾਲ ਕੀਤਾ। 14 ਅਤੇ ਸਾਡੇ ਪ੍ਰਭੂ ਦੀ ਕਿਰਪਾ, ਵਿਸ਼ਵਾਸ ਅਤੇ ਪਿਆਰ ਨਾਲ ਜੋ ਮਸੀਹ ਯਿਸੂ ਵਿੱਚ ਹੈ ਅੱਤ ਵਧੇਰੇ ਹੋਈ। 15 ਇਹ ਬਚਨ ਪੱਕਾ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਕਿ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ, ਜਿੰਨ੍ਹਾ ਵਿੱਚੋਂ ਮਹਾਂ ਪਾਪੀ ਮੈਂ ਹਾਂ। 16 ਪਰ ਮੇਰੇ ਉੱਤੇ ਇਸ ਕਾਰਨ ਦਯਾ ਹੋਈ ਕਿ ਮੇਰੇ ਕਾਰਨ ਜਿਹੜਾ ਮਹਾਂ ਪਾਪੀ ਹਾਂ, ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਵਿਸ਼ਵਾਸ ਕਰਨਗੇ ਇੱਕ ਆਦਰਸ਼ ਹੋਵੇ। 17 ਹੁਣ ਸਦੀਪਕ ਮਹਾਰਾਜ, ਅਵਿਨਾਸ਼, ਅਦਿੱਖ, ਅਦੁੱਤੀ ਪਰਮੇਸ਼ੁਰ ਦਾ ਆਦਰ ਅਤੇ ਮਹਿਮਾ ਜੁੱਗੋ-ਜੁੱਗ ਹੋਵੇ। ਆਮੀਨ। 18 ਹੇ ਪੁੱਤਰ ਤਿਮੋਥਿਉਸ, ਮੈਂ ਉਨ੍ਹਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਪਹਿਲਾਂ ਤੋਂ ਤੇਰੇ ਵਿਖੇ ਕੀਤੇ ਗਏ, ਤੈਨੂੰ ਇਹ ਹੁਕਮ ਦਿੰਦਾ ਹਾਂ ਕਿ ਤੂੰ ਉਨ੍ਹਾਂ ਦੇ ਸਹਾਰੇ ਚੰਗੀ ਲੜਾਈ ਲੜੀਂ। 19 ਅਤੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਨੂੰ ਤਕੜਿਆਂ ਰੱਖੀਂ ਜਿਹ ਨੂੰ ਕਈਆਂ ਨੇ ਛੱਡ ਕੇ ਵਿਸ਼ਵਾਸ ਦੀ ਬੇੜੀ ਡੋਬ ਦਿੱਤੀ। 20 ਉਨ੍ਹਾਂ ਵਿੱਚੋਂ ਹੁਮਿਨਾਯੁਸ ਅਤੇ ਸਿਕੰਦਰ ਹਨ, ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਸਪੁਰਦ ਕਰ ਦਿੱਤਾ ਕਿ ਤਾੜਨਾ ਪਾ ਕੇ ਉਹ ਵਿਰੁੱਧ ਨਾ ਬੋਲਣ।