6
ਪੰਜ ਹਜ਼ਾਰ ਨੂੰ ਰਜਾਉਣਾ
ਮੱਤੀ 14:13-21; ਮਰਕੁਸ 6:30-44; ਲੂਕਾ 9:10-17
1 ਇਸ ਤੋਂ ਬਾਅਦ ਯਿਸੂ ਗਲੀਲ ਦੀ ਝੀਲ ਅਰਥਾਤ ਤਿਬਿਰਿਯਾਸ ਦੀ ਝੀਲ ਦੇ ਪਾਰ ਚੱਲਿਆ ਗਿਆ। 2 ਬਹੁਤ ਸਾਰੇ ਲੋਕ ਉਸ ਦੇ ਨਾਲ ਗਏ, ਕਿਉਂਕਿ ਉਨ੍ਹਾਂ ਨੇ ਯਿਸੂ ਦੇ ਚੰਗਾ ਕਰਨ ਦੇ ਚਮਤਕਾਰ ਵੇਖੇ ਸਨ। 3 ਯਿਸੂ ਪਹਾੜ ਉੱਤੇ ਗਿਆ ਅਤੇ ਉੱਥੇ ਆਪਣੇ ਚੇਲਿਆਂ ਨਾਲ ਬੈਠ ਗਿਆ। 4 ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਨੇੜੇ ਸੀ। 5 ਯਿਸੂ ਨੇ ਉੱਪਰ ਵੇਖਿਆ, ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ। ਯਿਸੂ ਨੇ ਫ਼ਿਲਿਪੁੱਸ ਨੂੰ ਆਖਿਆ “ਅਸੀਂ ਕਿੱਥੋਂ ਭੋਜਨ ਖਰੀਦ ਸਕਦੇ ਹਾਂ ਤਾਂ ਜੋ ਉਹ ਸਾਰੇ ਖਾ ਸਕਣ।” 6 ਯਿਸੂ ਨੇ ਇਹ ਫ਼ਿਲਿਪੁੱਸ ਨੂੰ ਪਰਖਣ ਦੇ ਲਈ ਹੀ ਪੁੱਛਿਆ ਸੀ। ਜੋ ਉਹ ਕਰਨ ਵਾਲਾ ਸੀ ਯਿਸੂ ਪਹਿਲਾਂ ਹੀ ਜਾਣਦਾ ਸੀ। 7 ਫ਼ਿਲਿਪੁੱਸ ਨੇ ਉੱਤਰ ਦਿੱਤਾ, “ਭਾਵੇਂ ਅਸੀਂ ਦੋ ਸੋ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦੀਆਂ ਰੋਟੀਆਂ ਵੀ ਲੈ ਆਈਏ ਤਾਂ ਵੀ ਅਸੀਂ ਇੰਨ੍ਹਾਂ ਸਾਰਿਆਂ ਨੂੰ ਰੋਟੀ ਦਾ ਇੱਕ ਛੋਟਾ ਜਿਹਾ ਟੁੱਕੜਾ ਹੀ ਦੇਣ ਯੋਗ ਹੋਵਾਂਗੇ।” 8 ਉੱਥੇ ਇੱਕ ਹੋਰ ਚੇਲਾ ਸੀ ਅੰਦ੍ਰਿਯਾਸ, ਜੋ ਕਿ ਸ਼ਮਊਨ ਪਤਰਸ ਦਾ ਭਰਾ ਸੀ, ਉਸ ਨੇ ਕਿਹਾ, 9 “ਇੱਥੇ ਇੱਕ ਬੱਚਾ ਹੈ, ਜਿਸ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ, ਪਰ ਇਹ ਇੰਨ੍ਹੇ ਸਾਰੇ ਲੋਕਾਂ ਲਈ ਕਿਵੇਂ ਪੂਰੀਆਂ ਹੋਣਗੀਆਂ?” 10 ਯਿਸੂ ਨੇ ਆਖਿਆ, “ਲੋਕਾਂ ਨੂੰ ਕਹੋ ਕਿ ਉਹ ਬੈਠ ਜਾਣ।” ਉਸ ਥਾਂ ਤੇ ਬਹੁਤ ਸਾਰਾ ਘਾਹ ਸੀ, ਪੰਜ ਹਜ਼ਾਰ ਆਦਮੀ ਉੱਥੇ ਬੈਠ ਗਏ। 11 ਤਦ ਯਿਸੂ ਨੇ ਰੋਟੀਆਂ ਆਪਣੇ ਹੱਥਾਂ ਵਿੱਚ ਲਈਆਂ ਅਤੇ ਉਨ੍ਹਾਂ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਦਿੱਤੀਆਂ। ਉਨ੍ਹਾਂ ਮੱਛੀਆਂ ਨਾਲ ਵੀ ਇਹੀ ਕੀਤਾ। ਯਿਸੂ ਨੇ ਲੋਕਾਂ ਨੂੰ ਓਨਾ ਦਿੱਤਾ ਜਿੰਨੇ ਦੀ ਉਨ੍ਹਾਂ ਨੂੰ ਜ਼ਰੂਰਤ ਸੀ। 12 ਸਾਰੇ ਲੋਕਾਂ ਨੇ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ। ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਬਚੇ ਹੋਏ ਰੋਟੀ ਅਤੇ ਮੱਛੀਆਂ ਦੇ ਟੁੱਕੜੇ ਇਕੱਠੇ ਕਰ ਲਓ, ਕੁਝ ਵੀ ਖ਼ਰਾਬ ਨਾ ਕਰੋ।” 13 ਤਾਂ ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨੂੰ ਇਕੱਠਾ ਕੀਤਾ। ਚੇਲਿਆਂ ਨੇ ਲੋਕਾਂ ਦੁਆਰਾ ਬਚਿਆਂ ਹੋਈਆਂ ਪੰਜ ਜੌਂ ਦੀਆਂ ਰੋਟੀਆਂ ਦੇ ਟੁੱਕੜਿਆਂ ਨਾਲ ਬਾਰਾਂ ਟੋਕਰੀਆਂ ਭਰੀਆਂ। 14 ਯਿਸੂ ਦੇ ਚਮਤਕਾਰ ਨੂੰ ਲੋਕਾਂ ਨੇ ਵੇਖਿਆ ਅਤੇ ਆਖਿਆ, “ਸੱਚ-ਮੁੱਚ ਇਹ ਓਹੀ ਨਬੀ ਹੈ, ਜਿਸ ਦਾ ਦੁਨੀਆਂ ਵਿੱਚ ਆਉਣ ਦਾ ਅਨੁਮਾਨ ਸੀ।” 15 ਜਦੋਂ ਯਿਸੂ ਨੂੰ ਪਤਾ ਲੱਗਾ ਕਿ ਲੋਕ ਬਦੋ-ਬਦੀ ਉਸ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਹਨ। ਤਾਂ ਯਿਸੂ ਉੱਥੋਂ ਵਿਦਾ ਹੋ ਕੇ ਇਕੱਲਾ ਹੀ ਪਹਾੜ ਵੱਲ ਚਲਿਆ ਗਿਆ।
ਯਿਸੂ ਪਾਣੀ ਉੱਤੇ ਚੱਲਦਾ ਹੈ
ਮੱਤੀ 14:22-33; ਮਰਕੁਸ 6:45-52
16 ਸ਼ਾਮ ਨੂੰ, ਯਿਸੂ ਦੇ ਚੇਲੇ ਝੀਲ ਵਿੱਚ ਚਲੇ ਗਏ। 17 ਪਹਿਲਾਂ ਤੋਂ ਹੀ ਹਨ੍ਹੇਰਾ ਸੀ ਤੇ ਅਜੇ ਤੱਕ ਯਿਸੂ ਉਨ੍ਹਾਂ ਕੋਲ ਨਹੀਂ ਪਹੁੰਚੇ ਸੀ। ਚੇਲੇ ਬੇੜੀ ਉੱਤੇ ਚੜ੍ਹ ਕੇ ਬੈਠੇ ਅਤੇ ਕਫ਼ਰਨਾਹੂਮ ਵੱਲ ਨੂੰ ਚੱਲ ਪਏ ਜੋ ਕਿ ਝੀਲ ਦੇ ਪਾਰ ਸੀ। 18 ਤੇਜ ਹਨੇਰੀ ਚੱਲ ਰਹੀ ਸੀ ਦਰਿਆ ਦੀਆਂ ਲਹਿਰਾਂ ਵੱਡੀਆਂ ਤੋਂ ਵਡੇਰੀਆਂ ਹੋ ਗਈਆਂ। 19 ਚੇਲੇ ਲੱਗਭਗ ਤਿੰਨ ਚਾਰ ਮੀਲ ਝੀਲ ਵਿੱਚ ਜਾ ਚੁੱਕੇ ਸਨ। ਤਦ ਉਨ੍ਹਾਂ ਨੇ ਯਿਸੂ ਨੂੰ ਵੇਖਿਆ, ਉਹ ਪਾਣੀ ਉੱਤੇ ਤੁਰ ਰਿਹਾ ਸੀ। ਚੇਲੇ ਯਿਸੂ ਨੂੰ ਬੇੜੀ ਦੇ ਨੇੜੇ ਆਉਂਦਾ ਵੇਖ ਡਰ ਗਏ। 20 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਨਾ ਡਰੋ, ਮੈਂ ਹਾਂ।” 21 ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਹ ਯਿਸੂ ਨੂੰ ਬੇੜੀ ਉੱਤੇ ਚੜ੍ਹਾਉਣ ਲਈ ਖੁਸ਼ ਹੋ ਗਏ। ਉਸ ਤੋਂ ਬਾਦ ਜਿੱਥੇ ਉਨ੍ਹਾਂ ਨੇ ਜਾਣਾ ਸੀ, ਬੇੜੀ ਉੱਥੇ ਪਹੁੰਚੀ। 22 ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇਕੱਲੇ ਹੀ ਬੇੜੀ ਵਿੱਚ ਗਏ ਸਨ। ਅਤੇ ਉਹ ਇਹ ਵੀ ਜਾਣਦੇ ਸਨ ਕਿ ਉੱਥੇ ਕੇਵਲ ਇਹੀ ਇੱਕ ਬੇੜੀ ਸੀ।
ਲੋਕ ਯਿਸੂ ਨੂੰ ਲੱਭਦੇ ਹਨ
23 ਪਰ ਤਦ ਤਿਬਿਰਿਯਾਸ ਵੱਲੋਂ ਕੁਝ ਬੇੜੀਆਂ ਉਸ ਥਾਂ ਤੇ ਆਈਆਂ ਜਿੱਥੇ ਉਨ੍ਹਾਂ ਨੇ ਪ੍ਰਭੂ ਦੇ ਸ਼ੁਕਰ ਕਰਨ ਤੋਂ ਬਾਅਦ ਰੋਟੀ ਖਾਧੀ ਸੀ। 24 ਫਿਰ ਭੀੜ ਨੇ ਉੱਥੇ ਨਾ ਤਾਂ ਯਿਸੂ ਨੂੰ ਵੇਖਿਆ ਅਤੇ ਨਾ ਹੀ ਉਸ ਦੇ ਚੇਲਿਆਂ ਨੂੰ। ਇਸ ਲਈ ਉਹ ਉਨ੍ਹਾਂ ਕਿਸ਼ਤੀਆਂ ਵਿੱਚ ਚੜ੍ਹੇ ਅਤੇ ਯਿਸੂ ਨੂੰ ਲੱਭਣ ਲਈ ਕਫ਼ਰਨਾਹੂਮ ਨੂੰ ਆ ਗਏ।
ਜੀਵਨ ਦੀ ਰੋਟੀ
25 ਜਦੋਂ ਲੋਕਾਂ ਨੇ ਯਿਸੂ ਨੂੰ ਝੀਲ ਦੇ ਪਾਰ ਲੱਭਿਆ, ਉਨ੍ਹਾਂ ਨੇ ਉਸ ਨੂੰ ਪੁੱਛਿਆ, ਗੁਰੂ ਜੀ, “ਤੁਸੀਂ ਇੱਥੇ ਕਦੋਂ ਆਏ?” 26 ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ? ਕੀ ਇਸ ਲਈ ਕਿ ਤੁਸੀਂ ਮੈਨੂੰ ਚਮਤਕਾਰ ਕਰਦਿਆਂ ਵੇਖਿਆ ਹੈ ਜਿਹੜੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ? ਨਹੀਂ! ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ। 27 ਨਾਸ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾਂ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ। ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ।” 28 ਭੀੜ ਨੇ ਪੁੱਛਿਆ, “ਉਹ ਕਿਹੜੇ ਕੰਮ ਹਨ, ਜਿਹੜੇ ਪਰਮੇਸ਼ੁਰ ਸਾਡੇ ਕੋਲੋਂ ਕਰਨ ਦੀ ਆਸ ਰੱਖਦਾ ਹੈ?” 29 ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ੁਰ ਤੁਹਾਡੇ ਤੋਂ ਇਸ ਗੱਲ ਦੀ ਆਸ ਰੱਖਦਾ ਹੈ ਕਿ, ਜਿਸ ਨੂੰ ਉਸ ਨੇ ਭੇਜਿਆ ਤੁਸੀਂ ਉਸ ਤੇ ਵਿਸ਼ਵਾਸ ਕਰੋ।” 30 ਭੀੜ ਨੇ ਪੁੱਛਿਆ, “ਤੂੰ ਕਿਹੜਾ ਚਮਤਕਾਰ ਕਰੇਂਗਾ ਕਿ ਅਸੀਂ ਵੇਖ ਸਕੀਏ ਅਤੇ ਵਿਸ਼ਵਾਸ ਕਰ ਸਕੀਏ? ਤੂੰ ਕੀ ਕਰਨ ਵਾਲਾ ਹੈ? 31 ਸਾਡੇ ਪਿਉ-ਦਾਦਿਆਂ ਨੇ ਜੰਗਲ ਵਿੱਚ ਮੰਨਾ ਖਾਧਾ ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ, ਉਸ ਨੇ ਸਵਰਗ ਤੋਂ ਉਨ੍ਹਾਂ ਨੂੰ ਰੋਟੀ ਖਾਣ ਨੂੰ ਦਿੱਤੀ।” 32 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ। ਇਹ ਮੂਸਾ ਨਹੀਂ ਸੀ ਜਿਸ ਨੇ ਤੁਹਾਨੂੰ ਸਵਰਗ, ਤੋਂ ਰੋਟੀ ਖਾਣ ਨੂੰ ਦਿੱਤੀ। ਇਹ ਮੇਰਾ ਪਿਤਾ ਹੈ ਜੋ ਤੁਹਾਨੂੰ ਸਵਰਗੋਂ ਸੱਚੀ ਰੋਟੀ ਦਿੰਦਾ ਹੈ। 33 ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਆਉਂਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।” 34 ਲੋਕਾਂ ਨੇ ਆਖਿਆ, “ਪ੍ਰਭੂ, ਉਹ ਰੋਟੀ ਸਾਨੂੰ ਹਮੇਸ਼ਾਂ ਦੇਣਾ।” 35 ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ। 36 ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਮੈਨੂੰ ਵੇਖਿਆ ਹੈ, ਪਰ ਤਾਂ ਵੀ ਤੁਸੀਂ ਵਿਸ਼ਵਾਸ ਨਹੀਂ ਕਰਦੇ। 37 ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਭੇਜਦਾ ਹੈ ਉਹ ਮੇਰੇ ਕੋਲ ਆਉਣਗੇ ਅਤੇ ਮੈਂ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ, ਬਲਕਿ ਉਸ ਨੂੰ ਕੱਢਾਂਗਾ ਨਹੀਂ। 38 ਕਿਉਂਕਿ ਮੈਂ ਸਵਰਗ ਤੋਂ ਆਪਣੀ ਮਰਜ਼ੀ ਅਨੁਸਾਰ ਕਰਨ ਨਹੀਂ ਆਇਆ ਸਗੋਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਨ ਆਇਆ ਹਾਂ। 39 ਮੈਨੂੰ ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਨਹੀਂ ਗੁਆਉਣਾ ਚਾਹੀਦਾ, ਜੋ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰ ਮੈਂ ਉਨ੍ਹਾਂ ਨੂੰ ਅੰਤ ਦੇ ਦਿਨ ਜ਼ਰੂਰ ਜਿਵਾਂਲਾਗਾ। ਉਹ, ਜਿਸ ਨੇ ਮੈਨੂੰ ਭੇਜਿਆ ਹੈ, ਇਹੀ ਆਸ ਕਰਦਾ ਹਾਂ। 40 ਮੇਰੇ ਪਿਤਾ ਦੀ ਇੱਛਾ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਅਤੇ ਉਸ ਵਿੱਚ ਵਿਸ਼ਵਾਸ ਰੱਖਦਾ ਹੈ, ਸੋ ਸਦੀਪਕ ਜੀਵਨ ਪਾਵੇਗਾ। ਮੈਂ ਉਸ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ।” 41 ਫੇਰ ਯਹੂਦੀ ਉਸ ਬਾਰੇ ਬੁੜ-ਬੁੜਾਉਣ ਲੱਗੇ ਕਿਉਂਕਿ ਉਸ ਨੇ ਕਿਹਾ, “ਮੈਂ ਹੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ।” 42 ਯਹੂਦੀਆਂ ਨੇ ਕਿਹਾ, “ਉਹ ਯਿਸੂ ਹੈ। ਉਹ ਯੂਸੁਫ਼ ਦਾ ਪੁੱਤਰ ਹੈ। ਅਸੀਂ ਉਸ ਦੇ ਮਾਤਾ-ਪਿਤਾ ਨੂੰ ਜਾਣਦੇ ਹਾਂ। ਤਾਂ ਭਲਾ ਉਹ ਕਿਵੇਂ ਕਹਿ ਸਕਦਾ ਹੈ, ‘ਮੈਂ ਸਵਰਗੋਂ ਉੱਤਰਿਆ ਹਾਂ।’ ” 43 ਪਰ ਯਿਸੂ ਨੇ ਕਿਹਾ, “ਆਪਣੇ ਆਪ ਵਿੱਚ ਬੁੜ-ਬੁੜਾਉਣਾ ਬੰਦ ਕਰੋ। 44 ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ ਉਸ ਨੂੰ ਮੇਰੇ ਕੋਲ ਨਹੀਂ ਲਿਆਉਂਦਾ। ਮੈਂ ਉਸ ਮਨੁੱਖ ਨੂੰ ਅੰਤ ਦੇ ਦਿਨ ਉੱਠਾਵਾਗਾਂ। 45 ਇਹ ਨਬੀਆਂ ਦੀਆਂ ਲਿਖਤਾਂ ਵਿੱਚ ਲਿਖਿਆ ਹੋਇਆ ਹੈ: ਉਹ ਪਰਮੇਸ਼ੁਰ ਦੁਆਰਾ ਸਿੱਖੇ ਹੋਏ ਹੋਣਗੇ। ਹਰ ਕੋਈ ਜਿਹੜਾ ਆਪਣੇ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿੱਖਦਾ ਹੈ, ਮੇਰੇ ਕੋਲ ਆਉਂਦਾ ਹੈ। 46 ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ। ਉਹ ਇੱਕ, ਜਿਹੜਾ ਪਰਮੇਸ਼ੁਰ ਵਲੋਂ ਆਇਆ ਹੈ, ਉਹੀ ਹੈ ਜਿਸ ਨੇ ਪਿਤਾ ਨੂੰ ਵੇਖਿਆ। 47 ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੋ ਮਨੁੱਖ ਵਿਸ਼ਵਾਸ ਕਰਦਾ ਹੈ ਸਦੀਪਕ ਜੀਵਨ ਪਾਉਂਦਾ ਹੈ। 48 ਮੈਂ ਹੀ ਜਿੰਦਗੀ ਦੀ ਰੋਟੀ ਹਾਂ। 49 ਤੁਹਾਡੇ ਪਿਓ ਦਾਦਿਆਂ ਨੇ ਜੰਗਲ ਵਿੱਚ ਮੰਨਾ ਖਾਧਾ ਅਤੇ ਮਰ ਗਏ। 50 ਮੈਂ ਉਹ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਉਂਦੀ ਹੈ, ਜੇਕਰ ਕੋਈ ਵੀ ਇਸ ਨੂੰ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ। 51 ਮੈਂ ਜੀਵਨ ਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ। ਉਹ ਜਿਹੜਾ ਇਸ ਰੋਟੀ ਨੂੰ ਖਾਂਦਾ ਹੈ, ਸਦਾ ਜੀਵੇਗਾ। ਇਹ ਰੋਟੀ ਮੇਰਾ ਸਰੀਰ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਜੋ ਇਸ ਸੰਸਾਰ ਦੇ ਲੋਕਾਂ ਨੂੰ ਜੀਵਨ ਮਿਲ ਸਕੇ।” 52 ਫੇਰ ਯਹੂਦੀਆਂ ਨੇ ਆਪਸ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ, “ਭਲਾ ਇਹ ਆਦਮੀ ਸਾਨੂੰ ਆਪਣਾ ਸਰੀਰ ਖਾਣ ਨੂੰ ਕਿਵੇਂ ਦੇ ਸਕਦਾ ਹੈ?” 53 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਂਦੇ ਅਤੇ ਲਹੂ ਨਹੀਂ ਪੀਂਦੇ, ਤੁਹਾਡੇ ਕੋਲ ਸੱਚਾ ਜੀਵਨ ਨਹੀਂ ਹੋਵੇਗਾ। 54 ਉਹ ਮਨੁੱਖ ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਉਸ ਨੂੰ ਆਖਰੀ ਦਿਨ ਪ੍ਰਗਟ ਕਰਾਂਗਾ। 55 ਮੇਰਾ ਸਰੀਰ ਸੱਚ-ਮੁੱਚ ਖਾਣ ਅਤੇ ਮੇਰਾ ਲਹੂ ਸੱਚ-ਮੁੱਚ ਪੀਣ ਦੀ ਵਸਤੂ ਹੈ। 56 ਉਹ ਜਿਹੜਾ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਮੇਰੇ ਵਿੱਚ ਮੈਂ ਉਸ ਵਿੱਚ ਅਤੇ ਉਹ ਮੇਰੇ ਵਿੱਚ ਰਹਿੰਦਾ ਹੈ। 57 ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਰਾਹੀਂ ਜਿਉਂਦਾ ਹਾਂ। ਇਸ ਲਈ ਜੋ ਮੈਨੂੰ ਖਾਂਦਾ ਹੈ ਮੇਰੇ ਰਾਹੀਂ ਜੀਵੇਗਾ। 58 ਮੈਂ ਉਸ ਰੋਟੀ ਵਰਗਾ ਨਹੀਂ ਹਾਂ, ਜਿਹੜੀ ਸਾਡੇ ਵੱਡਿਆਂ ਨੇ ਉਜਾੜ ਵਿੱਚ ਖਾਧੀ ਸੀ। ਉਨ੍ਹਾਂ ਨੇ ਉਹ ਰੋਟੀ ਖਾਧੀ ਪਰ ਬਾਕੀ ਲੋਕਾਂ ਵਾਂਗੂੰ, ਉਹ ਵੀ ਮਰ ਗਏ ਮੈਂ ਸਵਰਗ ਤੋਂ ਉੱਤਰੀ ਰੋਟੀ ਹਾਂ ਅਤੇ ਜੋ ਇਹ ਰੋਟੀ ਖਾਵੇਗਾ ਉਹ ਸਦੀਪਕ ਜੀਵੇਗਾ।” 59 ਜਦੋਂ ਯਿਸੂ ਕਫ਼ਰਨਾਹੂਮ ਦੇ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦੇ ਰਿਹਾ ਸੀ ਉਸ ਨੇ ਇਹ ਸਭ ਗੱਲਾਂ ਆਖੀਆਂ।
ਸਦੀਪਕ ਜੀਵਨ ਦੇ ਵਚਨ
60 ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣ ਕੇ ਆਖਿਆ, “ਇਹ ਉਪਦੇਸ਼ ਬਹੁਤ ਮੁਸ਼ਕਿਲ ਹੈ। ਕੌਣ ਇਸ ਉਪਦੇਸ਼ ਨੂੰ ਕਬੂਲ ਕਰ ਸਕਦਾ ਹੈ?” 61 ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਇਸ ਬਾਰੇ ਬੁੜਬੁੜਾ ਰਹੇ ਸਨ ਇਸ ਲਈ ਉਸ ਨੇ ਕਿਹਾ, “ਕੀ ਇਹ ਉਪਦੇਸ਼ ਤੋਂ ਤੁਹਾਨੂੰ ਠੋਕਰ ਲੱਗਦੀ ਹੈ? 62 ਤਾਂ ਕੀ ਤੁਸੀਂ ਉਦੋਂ ਹੋਰ ਵੀ ਵਧੇਰੇ ਪਰੇਸ਼ਾਨ ਨਹੀਂ ਹੋਵੋਂਗੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਵਰਗ ਵਿੱਚ ਜਾਂਦਿਆਂ ਵੇਖੋਂਗੇ, ਜਿੱਥੋਂ ਉਹ ਆਇਆ ਸੀ? 63 ਇਹ ਸਰੀਰ ਨਹੀਂ ਹੈ ਜੋ ਜੀਵਨ ਦਿੰਦਾ ਹੈ ਸਗੋਂ ਇਹ ਆਤਮਾ ਹੈ ਜੋ ਜੀਵਨ ਦਿੰਦਾ ਹੈ। ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ। 64 ਪਰ ਤੁਹਾਡੇ ਵਿੱਚੋਂ ਕੁਝ ਵਿਸ਼ਵਾਸ ਨਹੀਂ ਕਰਦੇ।” ਯਿਸੂ ਉਨ੍ਹਾਂ ਲੋਕਾਂ ਨੂੰ ਸ਼ੁਰੂ ਤੋਂ ਹੀ ਜਾਣਦਾ ਸੀ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ। ਅਤੇ ਉਹ ਇਹ ਵੀ ਜਾਣਦਾ ਸੀ ਕਿ ਉਹ ਕੌਣ ਹੈ ਜੋ ਉਸ ਦੇ ਵਿਰੁੱਧ ਹੋਵੇਗਾ। 65 ਯਿਸੂ ਨੇ ਕਿਹਾ “ਇਸੇ ਲਈ ਮੈਂ ਤੁਹਾਨੂੰ ਕਿਹਾ ਸੀ, ਕਿ ਜਦੋਂ ਤੱਕ ਪਿਤਾ ਕਿਸੇ ਮਨੁੱਖ ਨੂੰ ਮੇਰੇ ਕੋਲ ਆਉਣ ਨਹੀਂ ਦਿੰਦਾ, ਉਹ ਮੇਰੇ ਕੋਲ ਨਹੀਂ ਆ ਸਕਦਾ।”
ਪਤਰਸ ਦਾ ਵਿਸ਼ਵਾਸ
66 ਇਸੇ ਕਰਕੇ ਯਿਸੂ ਦੇ ਬਹੁਤੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਭਵਿੱਖ ਵਿੱਚ ਉਸ ਦੇ ਨਾਲ ਨਾ ਚਲੇ। 67 ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਆਖਿਆ, “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” 68 ਸ਼ਮਊਨ ਪਤਰਸ ਨੇ ਉਸ ਨੂੰ ਆਖਿਆ, “ਪ੍ਰਭੂ! ਅਸੀਂ ਕਿਸ ਦੇ ਕੋਲ ਜਾਈਏ? ਤੇਰੇ ਕੋਲ ਸਦੀਪਕ ਜੀਵਨ ਦੀਆਂ ਗੱਲਾਂ ਹਨ। 69 ਸਾਨੂੰ ਤੇਰੇ ਤੇ ਵਿਸ਼ਵਾਸ ਹੈ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਪਵਿੱਤਰ ਪੁਰਖ ਹੋ” 70 ਤਾਂ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਬਾਰ੍ਹਾਂ ਨੂੰ ਚੁਣਿਆ ਹੈ ਪਰ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ।” 71 ਯਿਸੂ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਬਾਰੇ ਆਖ ਰਿਹਾ ਸੀ, ਉਹ ਬਾਰ੍ਹਾਂ ਵਿੱਚੋਂ ਇੱਕ ਸੀ ਪਰ ਉਸ ਨੇ ਯਿਸੂ ਨੂੰ ਫੜਾਉਣਾ ਸੀ।