6
ਸੱਤ ਮੋਹਰਾਂ ਦਾ ਖੋਲਿਆ ਜਾਣਾ
1 ਜਦੋਂ ਲੇਲੇ ਨੇ ਉਹਨਾਂ ਸੱਤਾਂ ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ, ਤਾਂ ਮੈਂ ਦੇਖਿਆ ਅਤੇ ਚਾਰ ਪ੍ਰਾਣੀਆਂ ਵਿੱਚੋਂ ਇੱਕ ਨੂੰ ਬੱਦਲ ਦੀ ਗਰਜ ਜਿਹੀ ਅਵਾਜ਼ ਨਾਲ ਇਹ ਆਖਦੇ ਸੁਣਿਆ ਕਿ ਆ ਜਾ! 2 ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਚਿੱਟਾ ਘੋੜਾ ਹੈ ਅਤੇ ਉਹ ਦੇ ਸਵਾਰ ਕੋਲ ਇੱਕ ਕਮਾਣ ਹੈ। ਫੇਰ ਉਹ ਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਜਿੱਤ ਪ੍ਰਾਪਤ ਕਰਦਿਆਂ ਅਤੇ ਜਿੱਤਣ ਲਈ ਨਿੱਕਲ ਤੁਰਿਆ।
3 ਜਦੋਂ ਉਹ ਨੇ ਦੂਜੀ ਮੋਹਰ ਤੋੜੀ ਤਾਂ ਮੈਂ ਦੂਜੇ ਪ੍ਰਾਣੀ ਨੂੰ ਇਹ ਆਖਦੇ ਸੁਣਿਆ, ਕਿ ਆ ਜਾ! 4 ਤਾਂ ਇੱਕ ਹੋਰ ਘੋੜਾ ਨਿੱਕਲਿਆ ਜੋ ਲਾਲ ਸੀ ਅਤੇ ਉਹ ਦੇ ਸਵਾਰ ਨੂੰ ਇਹ ਦਿੱਤਾ ਗਿਆ ਕਿ ਧਰਤੀ ਉੱਤੋਂ ਮੇਲ-ਮਿਲਾਪ ਨੂੰ ਖ਼ਤਮ ਕਰ ਦੇਵੇ ਅਤੇ ਇਹ ਜੋ ਮਨੁੱਖ ਇੱਕ ਦੂਜੇ ਨੂੰ ਮਾਰ ਸੁੱਟਣ ਅਤੇ ਇੱਕ ਵੱਡੀ ਸਾਰੀ ਤਲਵਾਰ ਉਹ ਨੂੰ ਫੜਾਈ ਗਈ।
5 ਜਦੋਂ ਉਹ ਨੇ ਤੀਜੀ ਮੋਹਰ ਤੋੜੀ ਤਾਂ ਮੈਂ ਤੀਜੇ ਪ੍ਰਾਣੀ ਨੂੰ ਇਹ ਆਖਦੇ ਸੁਣਿਆ, ਕਿ ਆ ਜਾ! ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਕਾਲਾ ਘੋੜਾ ਹੈ ਅਤੇ ਉਹ ਦੇ ਸਵਾਰ ਨੇ ਆਪਣੇ ਹੱਥ ਵਿੱਚ ਤੱਕੜੀ ਫੜ੍ਹੀ ਹੋਈ ਹੈ। 6 ਅਤੇ ਮੈਂ ਉਹਨਾਂ ਚਾਰ ਪ੍ਰਾਣੀਆਂ ਦੇ ਵਿੱਚ ਇੱਕ ਅਵਾਜ਼ ਇਹ ਆਖਦੇ ਸੁਣੀ ਕਿ ਕਣਕ ਦੀਨਾਰ ਦੀ ਸੇਰ ਭਰ ਅਤੇ ਜੌਂ ਦੀਨਾਰ ਦੇ ਤਿੰਨ ਸੇਰ ਅਤੇ ਤੇਲ ਅਤੇ ਦਾਖ਼ਰਸ ਦਾ ਵਿਗਾੜ ਨਾ ਕਰੀਂ!
7 ਜਦੋਂ ਉਹ ਨੇ ਚੌਥੀ ਮੋਹਰ ਤੋੜੀ ਤਾਂ ਮੈਂ ਚੌਥੇ ਪ੍ਰਾਣੀ ਦੀ ਅਵਾਜ਼ ਇਹ ਆਖਦੇ ਸੁਣੀ, ਕਿ ਆ ਜਾ! 8 ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਪੀਲਾ ਘੋੜਾ ਹੈ ਅਤੇ ਜਿਹੜਾ ਉਸ ਉੱਤੇ ਸਵਾਰ ਹੈ ਉਹ ਦਾ ਨਾਮ ਮੌਤ ਹੈ ਅਤੇ ਪਤਾਲ ਉਹ ਦੇ ਮਗਰ-ਮਗਰ ਚੱਲਿਆ ਆਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਦੇ ਚੌਥੇ ਹਿੱਸੇ ਉੱਤੇ ਅਧਿਕਾਰ ਦਿੱਤਾ ਗਿਆ ਕਿ ਤਲਵਾਰ, ਕਾਲ ਅਤੇ ਮਰੀ ਨਾਲ ਅਤੇ ਧਰਤੀ ਦੇ ਦਰਿੰਦਿਆਂ ਦੇ ਰਾਹੀਂ ਮਾਰ ਸੁੱਟਣ।
9 ਜਦੋਂ ਉਹ ਨੇ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਅਤੇ ਉਸ ਗਵਾਹੀ ਦੇ ਕਾਰਨ ਜੋ ਉਹਨਾਂ ਦਿੱਤੀ ਸੀ, ਵੱਢੇ ਗਏ ਸਨ। 10 ਅਤੇ ਉਹਨਾਂ ਵੱਡੀ ਅਵਾਜ਼ ਨਾਲ ਪੁਕਾਰ ਕੇ ਇਹ ਆਖਿਆ ਕਿ ਹੇ ਸੁਆਮੀ ਜੀ, ਜਿਹੜਾ ਪਵਿੱਤਰ ਅਤੇ ਸੱਚ ਹੈਂ, ਕਦੋਂ ਤੱਕ ਤੂੰ ਨਿਆਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਬਦਲਾ ਨਹੀਂ ਲੈਂਦਾ ਹੈਂ? 11 ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਬਚਨ ਹੋਇਆ ਭਈ ਥੋੜ੍ਹਾ ਸਮਾਂ ਹੋਰ ਅਰਾਮ ਕਰੋ ਜਦੋਂ ਤੱਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂੰ ਵੱਢੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ!
12 ਜਦੋਂ ਉਹ ਨੇ ਛੇਵੀਂ ਮੋਹਰ ਤੋੜੀ ਤਾਂ ਮੈਂ ਦੇਖਿਆ ਅਤੇ ਵੱਡਾ ਭੂਚਾਲ ਆਇਆ ਅਤੇ ਸੂਰਜ ਵਾਲਾਂ ਦੇ ਵਰਗਾ ਕਾਲਾ ਹੋ ਗਿਆ ਅਤੇ ਸਾਰਾ ਚੰਦਰਮਾ ਲਹੂ ਜਿਹਾ ਹੋ ਗਿਆ। 13 ਅਤੇ ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ, ਜਿਸ ਪ੍ਰਕਾਰ ਹੰਜ਼ੀਰ ਦੇ ਬੂਟੇ ਤੋਂ ਜੋ ਵੱਡੀ ਹਨੇਰੀ ਨਾਲ ਝੋਕੇ ਖਾਂਦਾ ਹੈ, ਤਾਂ ਉਹ ਦੇ ਕੱਚੇ ਫਲ ਝੜ ਜਾਂਦੇ ਹਨ। 14 ਅਤੇ ਅਕਾਸ਼ ਲਪੇਟਵੀਂ ਪੋਥੀ ਵਾਂਗੂੰ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ-ਆਪਣੇ ਸਥਾਨ ਤੋਂ ਹਿੱਲ ਗਿਆ। 15 ਅਤੇ ਧਰਤੀ ਦੇ ਰਾਜਿਆਂ, ਅਮੀਰਾਂ, ਫੌਜ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਅਜ਼ਾਦ ਨੇ ਆਪਣੇ ਆਪ ਨੂੰ ਗੁਫ਼ਾਂਵਾਂ ਵਿੱਚ ਅਤੇ ਪਹਾੜਾਂ ਦੀਆਂ ਚੱਟਾਨਾਂ ਵਿੱਚ ਲੁਕੋ ਲਿਆ। 16 ਅਤੇ ਉਹ ਪਹਾੜਾਂ ਅਤੇ ਚੱਟਾਨਾਂ ਨੂੰ ਕਹਿਣ ਲੱਗੇ ਭਈ ਸਾਡੇ ਉੱਤੇ ਡਿੱਗ ਪਓ! ਅਤੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਦੇ ਸਾਹਮਣਿਓਂ ਅਤੇ ਲੇਲੇ ਦੇ ਕ੍ਰੋਧ ਤੋਂ ਸਾਨੂੰ ਲੁਕਾ ਲਓ! 17 ਕਿਉਂ ਜੋ ਉਹਨਾਂ ਦੇ ਕ੍ਰੋਧ ਦਾ ਵੱਡਾ ਦਿਨ ਆ ਪਹੁੰਚਿਆ ਹੈ, ਹੁਣ ਕੌਣ ਖੜ੍ਹਾ ਹੋ ਸਕਦਾ ਹੈ?