15
ਦੂਸਰਿਆਂ ਦੀ ਤਰੱਕੀ
1 ਅਸੀਂ ਜੋ ਵਿਸ਼ਵਾਸ ਵਿੱਚ ਤਕੜੇ ਹਾਂ ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀਆਂ ਕਮਜ਼ੋਰੀਆਂ ਨੂੰ ਸਹਾਰ ਲਈਏ, ਨਾ ਕੇ ਆਪਣੇ ਆਪ ਨੂੰ ਖੁਸ਼ ਕਰੀਏ। 2 ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹ ਦੀ ਭਲਿਆਈ ਦੇ ਲਈ ਖੁਸ਼ ਕਰੇ ਤਾਂ ਜੋ ਉਹ ਦੀ ਤਰੱਕੀ ਹੋਵੇ। 3 ਕਿਉਂ ਜੋ ਮਸੀਹ ਨੇ ਵੀ ਆਪਣੇ ਆਪ ਨੂੰ ਖੁਸ਼ ਨਹੀਂ ਕੀਤਾ ਪਰ ਜਿਵੇਂ ਲਿਖਿਆ ਹੋਇਆ ਹੈ ਕਿ ਤੇਰੇ ਨਿੰਦਕਾਂ ਦੀਆਂ ਨਿੰਦਿਆ ਮੈਨੂੰ ਸਹਿਣੀ ਪਈ। 4 ਕਿਉਂਕਿ ਜੋ ਕੁਝ ਪਹਿਲਾਂ ਲਿਖਿਆ ਗਿਆ ਸੀ, ਉਹ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਸੀ ਤਾਂ ਜੋ ਅਸੀਂ ਧੀਰਜ ਤੋਂ ਅਤੇ ਪਵਿੱਤਰ ਬਚਨ ਦੇ ਦਿਲਾਸੇ ਤੋਂ ਆਸ ਰੱਖੀਏ। 5 ਅਤੇ ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ, ਤੁਹਾਨੂੰ ਇਹ ਬਖ਼ਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ ਮੇਲ ਰੱਖੋ। 6 ਤਾਂ ਜੋ ਤੁਸੀਂ ਇੱਕ ਮਨ ਹੋ ਕੇ ਇੱਕ ਜ਼ੁਬਾਨ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਵਡਿਆਈ ਕਰੋ।
ਸਾਰਿਆਂ ਦੇ ਲਈ ਖੁਸ਼ ਖ਼ਬਰੀ
7 ਇਸੇ ਕਾਰਨ ਤੁਸੀਂ ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਤਾਂ ਜੋ ਪਰਮੇਸ਼ੁਰ ਦੀ ਵਡਿਆਈ ਹੋਵੇ। 8 ਮੈਂ ਆਖਦਾ ਹਾਂ ਕਿ ਮਸੀਹ ਪਰਮੇਸ਼ੁਰ ਦੀ ਸਚਿਆਈ ਦੇ ਅਨੁਸਾਰ ਸੁੰਨਤੀਆਂ ਦਾ ਸੇਵਕ ਬਣਿਆ ਤਾਂ ਜੋ ਉਹ ਉਨ੍ਹਾਂ ਵਾਇਦਿਆਂ ਨੂੰ ਜਿਹੜੇ ਸਾਡੇ ਪਿਉ-ਦਾਦਿਆਂ ਨੂੰ ਦਿੱਤੇ ਹੋਏ ਸਨ ਪੂਰਾ ਕਰੇ। 9 ਅਤੇ ਪਰਾਈਆਂ ਕੌਮਾਂ ਇਸ ਦਯਾ ਦੇ ਲਈ ਪਰਮੇਸ਼ੁਰ ਦੀ ਵਡਿਆਈ ਕਰਨ ਜਿਵੇਂ ਲਿਖਿਆ ਹੋਇਆ ਹੈ, ਇਸ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ ਤੇਰੀ ਵਡਿਆਈ ਕਰਾਂਗਾ, ਅਤੇ ਤੇਰੇ ਨਾਮ ਦਾ ਭਜਨ ਗਾਵਾਂਗਾ। 10 ਫੇਰ ਕਹਿੰਦਾ ਹੈ, ਹੇ ਪਰਾਈ ਕੌਮੋ, ਉਹ ਦੀ ਪਰਜਾ ਦੇ ਨਾਲ ਖੁਸ਼ੀ ਮਨਾਓ। 11 ਅਤੇ ਫੇਰ, ਹੇ ਸਾਰੀਓ ਕੌਮੋ, ਪ੍ਰਭੂ ਦੀ ਉਸਤਤ ਕਰੋ, ਅਤੇ ਸਾਰੇ ਲੋਕ ਉਹ ਦੇ ਗੁਣ ਗਾਉਣ। 12 ਫੇਰ ਯਸਾਯਾਹ ਕਹਿੰਦਾ ਹੈ, ਯੱਸੀ ਦੀ ਜੜ੍ਹ ਪਰਗਟ ਹੋਵੇਗੀ, ਅਤੇ ਜਿਹੜਾ ਕੌਮਾਂ ਉੱਤੇ ਹਕੂਮਤ ਕਰਨ ਲਈ ਉੱਠਣ ਵਾਲਾ ਹੈ, ਉਹ ਦੇ ਉੱਤੇ ਕੌਮਾਂ ਆਸ ਰੱਖਣਗੀਆਂ। 13 ਹੁਣ ਆਸ ਦਾ ਪਰਮੇਸ਼ੁਰ ਤੁਹਾਨੂੰ ਵਿਸ਼ਵਾਸ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥ ਨਾਲ ਆਸ ਵਿੱਚ ਵਧਦੇ ਜਾਵੋ।
ਹਿੰਮਤ ਦੇ ਨਾਲ ਲਿਖਣ ਦਾ ਕਾਰਨ
14 ਹੇ ਮੇਰੇ ਭਰਾਵੋ, ਮੈਂ ਆਪ ਵੀ ਤੁਹਾਡੇ ਵਲੋਂ ਯਕੀਨ ਰੱਖਦਾ ਹਾਂ ਕਿ ਤੁਸੀਂ ਆਪ ਭਲਿਆਈ ਨਾਲ ਭਰਪੂਰ ਹੋ ਅਤੇ ਸਾਰੇ ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ ਦੂਜੇ ਨੂੰ ਸਿਖਾ ਸਕਦੇ ਹੋ। 15 ਪਰ ਮੈਂ ਤੁਹਾਨੂੰ ਫੇਰ ਯਾਦ ਕਰਾਉਣ ਲਈ ਕਿਤੇ-ਕਿਤੇ ਹੋਰ ਵੀ ਦਲੇਰੀ ਨਾਲ ਤੁਹਾਨੂੰ ਉਸ ਕਿਰਪਾ ਦੇ ਕਾਰਨ ਲਿਖਦਾ ਹਾਂ ਜਿਹੜੀ ਮੈਨੂੰ ਪਰਮੇਸ਼ੁਰ ਦੀ ਵੱਲੋਂ ਬਖ਼ਸ਼ੀ ਗਈ। 16 ਤਾਂ ਜੋ ਮੈਂ ਪਰਮੇਸ਼ੁਰ ਦੀ ਖੁਸ਼ਖਬਰੀ ਵਿੱਚ ਜਾਜਕ ਦਾ ਕੰਮ ਕਰਦਿਆਂ ਪਰਾਈਆਂ ਕੌਮਾਂ ਦੇ ਲਈ ਮਸੀਹ ਦਾ ਸੇਵਕ ਹੋਵਾਂ ਤਾਂ ਜੋ ਪਰਾਈਆਂ ਕੌਮਾਂ ਦਾ ਚੜ੍ਹਾਇਆ ਜਾਣਾ ਪਵਿੱਤਰ ਆਤਮਾ ਦੇ ਵਸੀਲੇ ਨਾਲ ਪਵਿੱਤਰ ਬਣ ਕੇ ਕਬੂਲ ਹੋਵੇ। 17 ਸੋ ਪਰਮੇਸ਼ੁਰ ਦੀਆਂ ਗੱਲਾਂ ਦੇ ਬਾਰੇ ਮੈਨੂੰ ਮਸੀਹ ਯਿਸੂ ਵਿੱਚ ਅਭਮਾਨ ਕਰਨ ਦਾ ਸਮਾਂ ਹੈ। 18 ਕਿਉਂ ਜੋ ਮੇਰਾ ਹੌਂਸਲਾ ਨਹੀਂ ਪੈਂਦਾ ਜੋ ਮੈਂ ਹੋਰ ਕੰਮਾਂ ਦੀ ਗੱਲ ਕਰਾਂ ਬਿਨ੍ਹਾਂ ਉਨ੍ਹਾਂ ਦੇ ਜਿਹੜੇ ਮਸੀਹ ਨੇ ਪਰਾਈਆਂ ਕੌਮਾਂ ਨੂੰ ਆਗਿਆਕਾਰੀ ਕਰਨ ਲਈ ਬਚਨ ਅਤੇ ਕੰਮਾਂ ਤੋਂ, 19 ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰੱਥ ਨਾਲ ਮੇਰੇ ਹੱਥੀਂ ਕੀਤੇ ਹਨ, ਇੱਥੋਂ ਤੱਕ ਜੋ ਮੈਂ ਯਰੂਸ਼ਲਮ ਤੋਂ ਲੈ ਕੇ ਚਾਰ ਚੁਫ਼ੇਰੇ ਇੱਲੁਰਿਕੁਨ ਤੱਕ ਮਸੀਹ ਦੀ ਖੁਸ਼ਖਬਰੀ ਦਾ ਪੂਰਾ ਪਰਚਾਰ ਕੀਤਾ। 20 ਹਾਂ, ਮੈਂ ਇਹ ਤਮੰਨਾ ਕੀਤੀ ਕਿ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ, ਉੱਥੇ ਖੁਸ਼ਖਬਰੀ ਸੁਣਾਵਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਉਸਾਰੀ ਕਰਾਂ। 21 ਸਗੋਂ ਜਿਵੇਂ ਲਿਖਿਆ ਹੋਇਆ ਹੈ, ਜਿਨ੍ਹਾਂ ਨੂੰ ਉਹ ਦੀ ਖ਼ਬਰ ਨਹੀਂ ਮਿਲੀ, ਉਹ ਵੇਖਣਗੇ, ਅਤੇ ਜਿਨ੍ਹਾਂ ਨਹੀਂ ਸੁਣਿਆ, ਉਹ ਸਮਝਣਗੇ।
ਪੌਲੁਸ ਦੀ ਰੋਮ ਯਾਤਰਾ ਲਈ ਯੋਜਨਾ
22 ਇਸੇ ਕਰਕੇ ਮੈਂ ਤੁਹਾਡੇ ਕੋਲ ਆਉਣ ਤੋਂ ਕਈ ਵਾਰ ਰੁਕ ਗਿਆ। 23 ਪਰ ਹੁਣ ਜਦੋਂ ਇੰਨ੍ਹਾਂ ਦੇਸਾਂ ਵਿੱਚ ਮੇਰੇ ਲਈ ਹੋਰ ਥਾਂ ਨਾ ਰਿਹਾ, ਅਤੇ ਬਹੁਤ ਸਾਲਾਂ ਤੋਂ ਤੁਹਾਡੇ ਕੋਲ ਆਉਣ ਦੀ ਇੱਛਾ ਰੱਖਦਾ ਹਾਂ। 24 ਜਾਂ ਮੈਂ ਕਦੇ ਹਿਸਪਾਨਿਯਾ ਨੂੰ ਜਾਂਵਾਂ ਮੈਂ ਆਸ ਰੱਖਦਾ ਹਾਂ ਕਿ ਉੱਧਰ ਨੂੰ ਜਾਂਦਿਆਂ ਹੋਇਆਂ ਤੁਹਾਡੇ ਦਰਸ਼ਣ ਕਰਾਂ, ਤਾਂ ਜੋ ਪਹਿਲਾਂ ਮੇਰਾ ਜੀ ਤੁਹਾਡੀ ਸੰਗਤ ਨਾਲ ਕੁਝ ਅਨੰਦ ਹੋਵੇ ਤਾਂ ਤੁਸੀਂ ਮੈਨੂੰ ਉੱਧਰ ਨੂੰ ਰਵਾਨਾ ਕਰ ਦੇਣਾ। 25 ਪਰ ਹੁਣ ਮੈਂ ਸੰਤਾਂ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਜਾਂਦਾ ਹਾਂ। 26 ਕਿਉਂ ਜੋ ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਦੀ ਇੱਛਾ ਹੋਈ ਕਿ ਯਰੂਸ਼ਲਮ ਦੇ ਸੰਤਾਂ ਵਿੱਚੋਂ ਉਹਨਾਂ ਲਈ ਜਿਹੜੇ ਗ਼ਰੀਬ ਹਨ ਚੰਦਾ ਉਗਰਾਹੀ ਕਰਨ। 27 ਹਾਂ, ਇਹ ਉਹਨਾਂ ਦੀ ਮਰਜ਼ੀ ਹੋਈ ਅਤੇ ਇਹ ਉਹਨਾਂ ਦੇ ਕਰਜ਼ਦਾਰ ਵੀ ਹਨ ਕਿਉਂਕਿ ਜਦੋਂ ਪਰਾਈਆਂ ਕੌਮਾਂ ਇਹਨਾਂ ਦੀਆਂ ਆਤਮਿਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਸਰੀਰਕ ਚੀਜ਼ਾਂ ਨਾਲ ਇਹਨਾਂ ਦੀ ਸੇਵਾ ਕਰਨ। 28 ਸੋ ਜਦ ਇਸ ਕੰਮ ਨੂੰ ਮੈਂ ਪੂਰਾ ਕਰ ਲਵਾਂ ਅਤੇ ਉਹ ਫਲ ਜੋ ਮੈਨੂੰ ਪ੍ਰਾਪਤ ਹੋਇਆਂ ਉਹਨਾਂ ਨੂੰ ਸੌਂਪ ਕੇ ਮੈਂ ਤੁਹਾਡੇ ਕੋਲੋਂ ਹੋ ਕੇ, ਹਿਸਪਾਨਿਯਾ ਨੂੰ ਜਾਂਵਾਂਗਾ। 29 ਮੈਂ ਜਾਣਦਾ ਹਾਂ, ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਦ ਮਸੀਹ ਦੀ ਬਰਕਤ ਦੀ ਭਰਪੂਰੀ ਲੈ ਕੇ ਆਵਾਂਗਾ।
30 ਹੁਣ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਅਨੁਸਾਰ ਅਤੇ ਆਤਮਾ ਦੇ ਪਿਆਰ ਦੇ ਅਨੁਸਾਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਅੱਗੇ ਮੇਰੇ ਲਈ ਪ੍ਰਾਰਥਨਾ ਕਰਨ ਵਿੱਚ ਮੇਰੇ ਨਾਲ ਜਤਨ ਕਰੋ। 31 ਤਾਂ ਜੋ ਉਹਨਾਂ ਤੋਂ ਜਿਹੜੇ ਯਹੂਦਿਆ ਵਿੱਚ ਅਵਿਸ਼ਵਾਸੀ ਹਨ ਬਚਾਇਆ ਜਾਂਵਾਂ, ਨਾਲੇ ਮੇਰੀ ਉਹ ਸੇਵਾ ਜੋ ਯਰੂਸ਼ਲਮ ਦੇ ਲਈ ਹੋਣ ਵਾਲੀ ਹੈ ਸੋ ਸੰਤਾਂ ਨੂੰ ਗ੍ਰਹਿਣਯੋਗ ਹੋਵੇ। 32 ਤਾਂ ਜੋ ਮੈਂ ਪਰਮੇਸ਼ੁਰ ਦੀ ਇੱਛਾ ਨਾਲ ਤੁਹਾਡੇ ਕੋਲ ਅਨੰਦ ਨਾਲ ਆਵਾਂ ਅਤੇ ਤੁਹਾਡੇ ਨਾਲ ਆਰਾਮ ਪਾਵਾਂ। 33 ਹੁਣ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਸਭ ਦੇ ਅੰਗ-ਸੰਗ ਹੋਵੇ। ਆਮੀਨ।