20
ਸ਼ਬਾ ਦਾ ਵਿਦਰੋਹ
ਅਜਿਹਾ ਹੋਇਆ ਉੱਥੇ ਇੱਕ ਸ਼ਬਾ ਨਾਮ ਦਾ ਬਿਨਯਾਮੀਨੀ ਮਨੁੱਖ ਸੀ, ਜੋ ਬੜਾ ਦੁਸ਼ਟ ਸੀ, ਉਹ ਮਨੁੱਖ ਬਿਕਰੀ ਦਾ ਪੁੱਤਰ ਸੀ। ਉਸ ਨੇ ਨਰਸਿੰਗਾ ਵਜਾ ਕੇ ਆਖਿਆ, ਨਾ ਸਾਡੀ ਵੰਡ ਯੱਸੀ ਦੇ ਪੁੱਤਰ ਨਾਲ ਸਾਡਾ ਭਾਗ ਹੈ। ਹੇ ਇਸਰਾਏਲ, ਆਪੋ ਆਪਣੇ ਤੰਬੂ ਨੂੰ ਜਾਓ! ਸੋ ਸਾਰੇ ਇਸਰਾਏਲੀ ਮਨੁੱਖ ਦਾਊਦ ਦਾ ਪਿੱਛਾ ਛੱਡ ਕੇ ਬਿਕਰੀ ਦੇ ਪੁੱਤਰ ਸ਼ਬਾ ਦੇ ਪਿੱਛੇ ਲੱਗ ਪਏ ਪਰ ਯਹੂਦਾਹ ਦੇ ਲੋਕ ਯਰਦਨ ਤੋਂ ਲੈ ਕੇ ਯਰੂਸ਼ਲਮ ਤੱਕ ਆਪਣੇ ਰਾਜਾ ਦੇ ਨਾਲ ਲੱਗੇ ਰਹੇ। ਦਾਊਦ ਯਰੂਸ਼ਲਮ ਨੂੰ ਆਪਣੇ ਮਹਿਲ ਵਿੱਚ ਆਇਆ ਅਤੇ ਰਾਜਾ ਨੇ ਆਪਣੀਆਂ ਉਨ੍ਹਾਂ ਦਸ ਰਖ਼ੈਲਾਂ ਨੂੰ ਫੜ੍ਹ ਕੇ ਕੈਦ ਕਰ ਦਿੱਤਾ ਜਿਨ੍ਹਾਂ ਨੂੰ ਉਹ ਆਪਣੇ ਮਹਿਲ ਦੀ ਰਾਖੀ ਲਈ ਛੱਡ ਗਿਆ ਸੀ ਅਤੇ ਉਨ੍ਹਾਂ ਦੇ ਲਈ ਰਸਤ ਠਹਿਰਾ ਦਿੱਤੀ ਪਰ ਉਨ੍ਹਾਂ ਦੇ ਕੋਲ ਨਾ ਗਿਆ ਸੋ ਓਹ ਆਪਣੇ ਮਰਨ ਦੇ ਦਿਨ ਤੱਕ ਕੈਦ ਵਿੱਚ ਰੰਡੇਪੇ ਜਿਹੀ ਹਾਲਤ ਵਿੱਚ ਰਹੀਆਂ।
ਅਮਾਸਾ ਦੀ ਹੱਤਿਆ
ਰਾਜਾ ਨੇ ਅਮਾਸਾ ਨੂੰ ਆਖਿਆ ਕਿ ਤਿੰਨਾਂ ਦਿਨਾਂ ਵਿੱਚ ਯਹੂਦਾਹ ਦੇ ਮਨੁੱਖਾਂ ਨੂੰ ਮੇਰੇ ਕੋਲ ਇਕੱਠਿਆਂ ਕਰ ਅਤੇ ਤੂੰ ਵੀ ਐਥੋਂ ਹੋਵੀਂ। ਸੋ ਅਮਾਸਾ ਯਹੂਦਾਹ ਦੇ ਮਨੁੱਖਾਂ ਨੂੰ ਇਕੱਠਾ ਕਰਨ ਗਿਆ ਪਰ ਉਸ ਨੇ ਠਹਿਰਾਏ ਹੋਏ ਸਮੇਂ ਤੋਂ ਵੱਧ ਸਮਾਂ ਲਾ ਦਿੱਤਾ। ਤਦ ਦਾਊਦ ਨੇ ਅਬੀਸ਼ਈ ਨੂੰ ਆਖਿਆ, ਹੁਣ ਸ਼ਬਾ ਬਿਕਰੀ ਦਾ ਪੁੱਤਰ ਸਾਡੇ ਨਾਲ ਅਬਸ਼ਾਲੋਮ ਨਾਲੋਂ ਵੀ ਵੱਧ ਬਦੀ ਕਰੇਗਾ ਸੋ ਤੂੰ ਆਪਣੇ ਮਾਲਕ ਦੇ ਸੇਵਕਾਂ ਨੂੰ ਲੈ ਕੇ ਉਸ ਦਾ ਪਿੱਛਾ ਕਰ ਅਜਿਹਾ ਨਾ ਹੋਵੇ ਜੋ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜ ਕੇ ਸਾਡੀਆਂ ਨਜ਼ਰਾਂ ਤੋਂ ਬਚਣ। ਸੋ ਉਸ ਦੇ ਪਿੱਛੇ ਯੋਆਬ ਦੇ ਲੋਕ ਕਰੇਤੀ, ਫਲੇਤੀ ਅਤੇ ਸਾਰੇ ਸੂਰਮੇ ਨਿੱਕਲੇ ਅਤੇ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਯਰੂਸ਼ਲਮ ਤੋਂ ਬਾਹਰ ਆਏ। ਜਿਸ ਵੇਲੇ ਓਹ ਉਸ ਵੱਡੇ ਪੱਥਰ ਦੇ ਕੋਲ ਜੋ ਗਿਬਓਨ ਦੇ ਵਿੱਚ ਹੈ ਪਹੁੰਚੇ ਤਾਂ ਅਮਾਸਾ ਉਨ੍ਹਾਂ ਨੂੰ ਆ ਕੇ ਮਿਲਿਆ ਅਤੇ ਯੋਆਬ ਨੇ ਆਪਣੇ ਫ਼ੌਜੀ ਬਸਤਰਾਂ ਉੱਤੇ ਇੱਕ ਪਟਕਾ ਕੱਸਿਆ ਹੋਇਆ ਸੀ ਅਤੇ ਉਸ ਪਟਕੇ ਵਿੱਚ ਇੱਕ ਤਲਵਾਰ ਮਿਆਨ ਵਿੱਚ ਬੰਨ੍ਹੀ ਹੋਈ ਸੀ ਪੱਟਕਾ ਮਿਆਨ ਵਿੱਚ ਪਈ ਹੋਈ ਤਲਵਾਰ ਸਣੇ ਸੀ ਜੋ ਉਹ ਦੇ ਲੱਕ ਉੱਤੇ ਬੰਨਿਆ ਹੋਇਆ ਸੀ ਅਤੇ ਜਦ ਉਹ ਚੱਲਿਆ ਤਾਂ ਤਲਵਾਰ ਡਿੱਗ ਪਈ। ਸੋ ਯੋਆਬ ਨੇ ਅਮਾਸਾ ਨੂੰ ਆਖਿਆ, ਹੇ ਮੇਰੇ ਭਾਈ, ਤੂੰ ਸੁੱਖ-ਸਾਂਦ ਨਾਲ ਹੈਂ? ਅਤੇ ਯੋਆਬ ਨੇ ਅਮਾਸਾ ਦੀ ਦਾੜ੍ਹੀ ਸੱਜੇ ਹੱਥ ਨਾਲ ਫੜ੍ਹ ਲਈ ਜੋ ਉਹ ਨੂੰ ਚੁੰਮੇ। 10 ਪਰ ਅਮਾਸਾ ਨੇ ਉਸ ਤਲਵਾਰ ਦਾ ਯੋਆਬ ਦੇ ਹੱਥ ਵਿੱਚ ਸੀ ਕੁਝ ਧਿਆਨ ਨਾ ਕੀਤਾ ਸੋ ਉਸ ਨੇ ਉਹ ਨੂੰ ਪਸਲੀ ਵਿੱਚ ਅਜਿਹਾ ਮਾਰਿਆ ਜੋ ਉਹ ਦੀਆਂ ਆਂਦਰਾਂ ਧਰਤੀ ਉੱਤੇ ਜਾ ਡਿੱਗੀਆ ਅਤੇ ਉਸ ਨੇ ਦੂਜੀ ਵਾਰੀ ਉਸ ਨੂੰ ਨਾ ਮਾਰਿਆ ਸੋ ਉਹ ਮਰ ਗਿਆ। ਫਿਰ ਯੋਆਬ ਅਤੇ ਉਹ ਦਾ ਭਰਾ ਅਬੀਸ਼ਈ ਬਿਕਰੀ ਦੇ ਪੁੱਤਰ ਸ਼ਬਾ ਦੇ ਪਿੱਛੇ ਲੱਗ ਪਏ। 11 ਤਦ ਯੋਆਬ ਦੇ ਜੁਆਨਾਂ ਵਿੱਚੋਂ ਇੱਕ ਜਣਾ ਉਸ ਦੇ ਕੋਲ ਖੜਾ ਰਿਹਾ ਅਤੇ ਇਸ ਤਰ੍ਹਾਂ ਆਖਿਆ, ਜੋ ਕੋਈ ਯੋਆਬ ਦੇ ਪੱਖ ਨਾਲ ਰਾਜੀ ਹੈ ਅਤੇ ਦਾਊਦ ਦੀ ਵੱਲ ਹੈ ਸੋ ਯੋਆਬ ਨਾਲ ਤੁਰੇ। 12 ਅਤੇ ਅਮਾਸਾ ਰਾਹ ਵਿੱਚ ਲਹੂ ਦੇ ਵਿਚਕਾਰ ਲੇਟਣੀਆਂ ਖਾਂਦਾ ਸੀ ਅਤੇ ਜਦ ਉਸ ਮਨੁੱਖ ਨੇ ਵੇਖਿਆ ਕਿ ਸਾਰੇ ਲੋਕ ਖੜ੍ਹੇ ਹੋ ਜਾਂਦੇ ਹਨ ਤਾਂ ਉਹ ਅਮਾਸਾ ਨੂੰ ਰਾਹ ਉੱਤੋਂ ਪੈਲੀ ਵਿੱਚ ਘਸੀਟ ਲੈ ਗਿਆ ਅਤੇ ਉਹ ਦੇ ਉੱਤੇ ਕੱਪੜਾ ਪਾ ਦਿੱਤਾ ਕਿਉਂ ਜੋ ਉਸਨੇ ਵੇਖਿਆ ਕਿ ਜਿਹੜਾ ਕੋਈ ਉਹ ਦੇ ਨੇੜੇ ਆਇਆ ਸੋ ਖੜ੍ਹਾ ਹੋ ਜਾਂਦਾ ਹੈ। 13 ਜਦ ਉਹ ਰਾਹ ਵਿੱਚੋਂ ਉਹ ਨੂੰ ਚੁੱਕ ਲੈ ਗਿਆ ਤਾਂ ਸਭ ਲੋਕ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਤੁਰ ਪਏ।
ਸ਼ਬਾ ਦੀ ਮੌਤ
14 ਸੋ ਉਹ ਸਾਰੇ ਇਸਰਾਏਲ ਦੇ ਗੋਤਾਂ ਵਿੱਚੋਂ ਹੋ ਕੇ ਆਬੇਲ ਅਤੇ ਬੈਤ ਮਅਕਾਹ ਤੱਕ ਗਿਆ ਅਤੇ ਸਾਰੇ ਬੇਰੀ ਇਕੱਠੇ ਹੋ ਕੇ ਉਹ ਦੇ ਪਿੱਛੇ ਤੁਰੇ। 15 ਉਨ੍ਹਾਂ ਨੇ ਆ ਕੇ ਉਸ ਨੂੰ ਆਬੇਲ ਬੈਤ ਮਆਕਾਹ ਦੇ ਵਿੱਚ ਘੇਰ ਲਿਆ ਅਤੇ ਸ਼ਹਿਰ ਦੇ ਸਾਹਮਣੇ ਇੱਕ ਟੀਲਾ ਬਣਾਇਆ ਜੋ ਕੰਧ ਦੇ ਨਾਲ ਸੀ ਅਤੇ ਸਭ ਲੋਕ ਜੋ ਯੋਆਬ ਦੇ ਨਾਲ ਸਨ ਸੋ ਕੰਧ ਨੂੰ ਢਾਉਣ ਦਾ ਜਤਨ ਕਰਦੇ ਸਨ। 16 ਉਸ ਵੇਲੇ ਇੱਕ ਸਮਝਦਾਰ ਇਸਤਰੀ ਨੇ ਸ਼ਹਿਰ ਵਿੱਚੋਂ ਹਾਕਾਂ ਮਾਰ ਕੇ ਆਖਿਆ, ਸੁਣਿਓ, ਵੇ ਸੁਣਿਓ! ਯੋਆਬ ਨੂੰ ਆਖੋ ਕਿ ਐਥੇ ਨੇੜੇ ਆ ਕਿਉਂ ਜੋ ਮੈਂ ਤੇਰੇ ਨਾਲ ਗੱਲ ਕਰਨੀ ਹੈ। 17 ਅਤੇ ਜਦ ਉਹ ਨੇੜੇ ਆਇਆ ਤਾਂ ਉਸ ਇਸਤਰੀ ਨੇ ਉਹ ਨੂੰ ਆਖਿਆ, ਤੂੰ ਯੋਆਬ ਹੈਂ? ਉਸ ਆਖਿਆ, ਜੀ ਮੈਂ ਉਹੋ ਹਾਂ ਤਾਂ ਉਸ ਨੇ ਉਹ ਨੂੰ ਆਖਿਆ, ਆਪਣੀ ਦਾਸੀ ਦੀ ਗੱਲ ਸੁਣ ਲੈ। ਉਹ ਬੋਲਿਆ, ਜੀ ਮੈਂ ਸੁਣਦਾ ਹਾਂ। 18 ਤਦ ਉਸ ਆਖਿਆ, ਕਿ ਪਿਛਲੇ ਸਮੇਂ ਵਿੱਚ ਇਹ ਕਹਾਉਤ ਆਖਦੇ ਸਨ ਜੋ ਓਹ ਜ਼ਰੂਰ ਆਬੇਲ ਤੋਂ ਸਲਾਹ ਪੁੱਛਣਗੇ ਅਤੇ ਇਸ ਤਰ੍ਹਾਂ ਓਹ ਕੰਮ ਨੂੰ ਮੁਕਾਉਂਦੇ ਸਨ। 19 ਮੈਂ ਇਸਰਾਏਲ ਵਿੱਚ ਸ਼ਾਂਤ ਸੁਭਾਓ ਅਤੇ ਭਲੀ ਮਾਣਸ ਹਾਂ। ਤੂੰ ਇੱਕ ਸ਼ਹਿਰ ਨੂੰ ਅਤੇ ਇੱਕ ਮਾਂ ਨੂੰ ਇਸਰਾਏਲ ਵਿੱਚ ਨਾਸ ਕਰਨਾ ਚਾਹੁੰਦਾ ਹੈਂ। ਭਲਾ, ਤੂੰ ਯਹੋਵਾਹ ਦੀ ਮਿਲਖ਼ ਨੂੰ ਕਿਉਂ ਨਿਗਲਣਾ ਚਾਹੁੰਦਾ ਹੈਂ। 20 ਯੋਆਬ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਮੇਰੇ ਤੋਂ ਦਫ਼ਾ ਦੂਰ ਹੋਵੇ ਜੋ ਨਿਗਲਾਂ ਜਾਂ ਨਾਸ ਕਰਾਂ! 21 ਗੱਲ ਇਹ ਨਹੀਂ ਹੈ ਸਗੋਂ ਇਫ਼ਰਾਈਮ ਦੇ ਪਰਬਤ ਦਾ ਇੱਕ ਮਨੁੱਖ ਸ਼ਬਾ ਨਾਮ ਦੇ ਬਿਕਰੀ ਦਾ ਪੁੱਤਰ ਹੈ। ਉਸ ਨੇ ਰਾਜਾ ਉੱਤੇ ਅਰਥਾਤ ਦਾਊਦ ਉੱਤੇ ਆਪਣਾ ਹੱਥ ਚੁੱਕਿਆ ਹੈ ਇਸ ਲਈ ਸਿਰਫ਼ ਉਸ ਨੂੰ ਮੇਰੇ ਹੱਥ ਸੌਂਪ ਦਿਉ ਤਾਂ ਮੈਂ ਸ਼ਹਿਰੋਂ ਚਲਾ ਜਾਂਵਾਂਗਾ। ਉਸ ਇਸਰਤੀ ਨੇ ਯੋਆਬ ਨੂੰ ਆਖਿਆ, ਵੇਖ ਉਹ ਦਾ ਸਿਰ ਕੰਧ ਉੱਤੋਂ ਤੇਰੇ ਕੋਲ ਸੁੱਟਿਆ ਜਾਵੇਗਾ! 22 ਤਦ ਉਹ ਇਸਤਰੀ ਆਪਣੀ ਬੁੱਧ ਨਾਲ ਸਾਰੇ ਲੋਕਾਂ ਦੇ ਕੋਲ ਗਈ ਸੋ ਉਨ੍ਹਾਂ ਬਿਕਰੀ ਦੇ ਪੁੱਤਰ ਸ਼ਬਾ ਦਾ ਸਿਰ ਵੱਢ ਕੇ ਯੋਆਬ ਵੱਲ ਬਾਹਰ ਨੂੰ ਸੁੱਟ ਦਿੱਤਾ ਤਦ ਉਸ ਨੇ ਤੁਰ੍ਹੀ ਵਜਾਈ ਅਤੇ ਲੋਕ ਸ਼ਹਿਰ ਤੋਂ ਉੱਠ ਕੇ ਸਭ ਆਪੋ ਆਪਣੇ ਤੰਬੂਆਂ ਨੂੰ ਗਏ ਅਤੇ ਯੋਆਬ ਮੁੜ ਕੇ ਯਰੂਸ਼ਲਮ ਵਿੱਚ ਰਾਜਾ ਕੋਲ ਆਇਆ।
ਦਾਊਦ ਦੇ ਅਧਿਕਾਰੀ
23 ਯੋਆਬ ਇਸਰਾਏਲ ਦੀ ਸਾਰੀ ਸੈਨਾਂ ਉੱਤੇ ਸੀ ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ ਅਤੇ ਫਲੇਤੀਆਂ ਉੱਤੇ ਪ੍ਰਧਾਨ ਸੀ। 24 ਅਤੇ ਅਦੋਰਾਮ ਬੇਗ਼ਾਰੀਆਂ ਉੱਤੇ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਹਾਸ ਦਾ ਲਿਖਾਰੀ ਸੀ। 25 ਸ਼ਵਾ ਅਹੁਦੇਦਾਰ ਸੀ ਅਤੇ ਸਾਦੋਕ ਅਤੇ ਅਬਯਾਥਾਰ ਜਾਜਕ ਸਨ। 26 ਅਤੇ ਈਰਾ ਯਾਇਰੀ ਵੀ ਦਾਊਦ ਦਾ ਸ਼ਾਹੀ ਜਾਜਕ ਸੀ।