24
ਦਾਊਦ ਦੁਆਰਾ ਮਰਦਸ਼ੁਮਾਰੀ ਕਰਨਾ ਅਤੇ ਉਸ ਦੀ ਸਜ਼ਾ ਭੋਗਣਾ
1 ਇਤ 21:1-27
1 ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫਿਰ ਭੜਕਿਆ, ਅਤੇ ਉਸ ਨੇ ਦਾਊਦ ਦੇ ਮਨ ਨੂੰ ਉਨ੍ਹਾਂ ਦੇ ਵਿਰੋਧ ਵਿੱਚ ਉਭਾਰਿਆ, ਕਿ ਜਾ ਇਸਰਾਏਲ ਅਤੇ ਯਹੂਦਾਹ ਦੀ ਗਿਣਤੀ ਕਰ। 2 ਇਸ ਲਈ ਰਾਜਾ ਨੇ ਯੋਆਬ ਸੈਨਾਪਤੀ ਨੂੰ ਜੋ ਉਹ ਦੇ ਨਾਲ ਸੀ ਆਖਿਆ, ਇਸਰਾਏਲ ਦੇ ਸਾਰੇ ਗੋਤਾਂ ਵਿੱਚ, ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਜਾ ਅਤੇ ਲੋਕਾਂ ਨੂੰ ਗਿਣ ਲੈ ਕਿ ਮੈਨੂੰ ਲੋਕਾਂ ਦੀ ਗਿਣਤੀ ਪਤਾ ਹੋਵੇ। 3 ਯੋਆਬ ਨੇ ਰਾਜਾ ਨੂੰ ਆਖਿਆ, ਪਰਜਾ ਦੇ ਲੋਕ ਕਿੰਨ੍ਹੇ ਵੀ ਕਿਉਂ ਨਾ ਹੋਣ, ਤੁਹਾਡਾ ਪਰਮੇਸ਼ੁਰ ਯਹੋਵਾਹ ਲੋਕਾਂ ਨੂੰ ਸੌ ਗੁਣਾ ਵਧਾਵੇ, ਅਤੇ ਮੇਰੇ ਮਹਾਰਾਜ ਦੀਆਂ ਅੱਖੀਆਂ ਵੀ ਇਹ ਗੱਲ ਵੇਖਣ, ਪਰ ਇਹ ਤੁਸੀਂ ਕਿਉਂ ਚਾਹੁੰਦੇ ਹੋ? 4 ਫਿਰ ਵੀ ਰਾਜੇ ਦੀ ਆਗਿਆ ਯੋਆਬ ਉੱਤੇ ਅਤੇ ਦਲ ਦੇ ਪ੍ਰਧਾਨਾਂ ਉੱਤੇ ਪਰਬਲ ਹੋਈ। ਤਦ ਯੋਆਬ ਅਤੇ ਦਲ ਦੇ ਪ੍ਰਧਾਨ ਰਾਜਾ ਦੇ ਅੱਗਿਓਂ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਨ ਨੂੰ ਨਿੱਕਲ ਗਏ। 5 ਉਹ ਯਰਦਨ ਤੋਂ ਪਾਰ ਲੰਘੇ ਅਤੇ ਅਰੋਏਰ ਵਿੱਚ ਜੋ ਗਾਦ ਦੀ ਵਾਦੀ ਦੇ ਸ਼ਹਿਰ ਦੇ ਸੱਜੇ ਬੰਨੇ ਯਾਜ਼ੇਰ ਵੱਲ ਹੈ, ਤੰਬੂ ਲਾਏ l 6 ਉੱਥੋਂ ਗਿਲਆਦ ਅਤੇ ਤਹਤੀਮ ਹਾਦਸ਼ੀ ਦੇ ਦੇਸ਼ ਨੂੰ ਆਏ ਦਾਨ ਯਾਨ ਨੂੰ ਆਏ ਅਤੇ ਘੁੰਮ ਕੇ ਸੀਦੋਨ ਤੱਕ ਪਹੁੰਚੇ। 7 ਅਤੇ ਉੱਥੋਂ ਸੂਰ ਦੇ ਗੜ੍ਹ ਤੱਕ ਆਏ ਅਤੇ ਹਿੱਵੀਆਂ ਅਤੇ ਕਨਾਨੀਆਂ ਦੇ ਸਾਰਿਆਂ ਸ਼ਹਿਰਾਂ ਤੱਕ ਅਤੇ ਯਹੂਦਾਹ ਦੇ ਦੱਖਣ ਨੂੰ ਬਏਰਸ਼ਬਾ ਤੱਕ ਨਿੱਕਲ ਗਏ। 8 ਇਸ ਤਰ੍ਹਾਂ, ਓਹ ਸਾਰੇ ਦੇਸ਼ ਵਿੱਚੋਂ ਘੁੰਮ ਕੇ ਨੌ ਮਹੀਨੇ ਅਤੇ ਵੀਹ ਦਿਨਾਂ ਬਾਅਦ ਯਰੂਸ਼ਲਮ ਨੂੰ ਮੁੜ ਆਏ। 9 ਅਤੇ ਯੋਆਬ ਨੇ ਲੋਕਾਂ ਦੀ ਗਿਣਤੀ ਦਾ ਲੇਖਾ ਰਾਜਾ ਨੂੰ ਦਿੱਤਾ ਅਤੇ ਇਸਰਾਏਲ ਦੇ ਅੱਠ ਲੱਖ ਮਨੁੱਖ ਸਨ ਅਤੇ ਯਹੂਦਾਹ ਦੇ ਪੰਜ ਲੱਖ ਮਨੁੱਖ ਸਨ। 10 ਲੋਕਾਂ ਦੀ ਗਿਣਤੀ ਕਰਨ ਤੋਂ ਬਾਅਦ ਦਾਊਦ ਦੇ ਮਨ ਨੇ ਉਹ ਨੂੰ ਸਤਾਇਆ ਅਤੇ ਦਾਊਦ ਨੇ ਯਹੋਵਾਹ ਨੂੰ ਆਖਿਆ ਕਿ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ! ਹੁਣ ਹੇ ਯਹੋਵਾਹ ਦਯਾ ਕਰ ਕੇ ਆਪਣੇ ਦਾਸ ਦੀ ਬਦੀ ਦੂਰ ਕਰ, ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ। 11 ਸੋ ਜਦ ਦਾਊਦ ਸਵੇਰ ਨੂੰ ਉੱਠਿਆ ਤਾਂ ਯਹੋਵਾਹ ਦਾ ਬਚਨ ਗਾਦ ਨਬੀ ਨੂੰ ਜੋ ਦਾਊਦ ਦਾ ਅਗੰਮ ਗਿਆਨੀ ਸੀ, ਆਇਆ ਅਤੇ ਉਹ ਨੂੰ ਆਖਿਆ। 12 ਜਾ ਕੇ ਦਾਊਦ ਨੂੰ ਆਖ ਕਿ ਯਹੋਵਾਹ ਇਹ ਫ਼ਰਮਾਉਂਦਾ ਹੈ ਕਿ ਮੈਂ ਤੇਰੇ ਅੱਗੇ ਤਿੰਨ ਬਿਪਤਾਵਾਂ ਰੱਖਦਾ ਹਾਂ ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ ਜੋ ਮੈਂ ਤੇਰੇ ਉੱਤੇ ਪਾਵਾਂ। 13 ਸੋ ਗਾਦ ਨੇ ਦਾਊਦ ਕੋਲ ਆ ਕੇ ਦੱਸਿਆ ਅਤੇ ਉਹ ਨੂੰ ਪੁੱਛਿਆ ਕਿ ਤੂੰ ਕਿ ਚਾਹੁੰਦਾ ਹੈ ਜੋ ਤੇਰੇ ਦੇਸ਼ ਵਿੱਚ ਤੇਰੇ ਉੱਤੇ ਸੱਤਾਂ ਸਾਲਾਂ ਦਾ ਕਾਲ ਪਵੇ ਜਾਂ ਤਿੰਨ ਮਹੀਨਿਆਂ ਤੱਕ ਤੂੰ ਆਪਣੇ ਵੈਰੀਆਂ ਅੱਗਿਓਂ ਭੱਜੇਂ ਅਤੇ ਉਹ ਤੇਰੇ ਪਿੱਛੇ ਲੱਗਣ ਜਾਂ ਤੇਰੇ ਦੇਸ਼ ਵਿੱਚ ਤਿੰਨ ਦਿਨਾਂ ਤੱਕ ਮਹਾਂ ਮਰੀ ਪਵੇ? ਹੁਣ ਸਲਾਹ ਕਰ ਅਤੇ ਠਹਿਰਾ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕੀ ਉੱਤਰ ਦੇਵਾਂ। 14 ਤਦ ਦਾਊਦ ਨੇ ਗਾਦ ਨੂੰ ਆਖਿਆ, ਮੈਂ ਵੱਡੀ ਮੁਸੀਬਤ ਵਿੱਚ ਪਿਆ ਹਾਂ! ਹੁਣ ਅਸੀਂ ਯਹੋਵਾਹ ਦੇ ਹੱਥ ਵਿੱਚ ਪਈਏ ਕਿਉਂ ਜੋ ਉਸ ਦੀ ਦਯਾ ਵੱਡੀ ਹੈ ਪਰ ਮਨੁੱਖ ਦੇ ਹੱਥ ਵਿੱਚ ਨਾ ਪਈਏ। 15 ਸੋ ਯਹੋਵਾਹ ਨੇ ਇਸਰਾਏਲ ਦੇ ਉੱਤੇ ਮਰੀ ਘੱਲੀ ਜਿਹੜੀ ਉਸ ਸਵੇਰ ਤੋਂ ਠਹਿਰਾਏ ਹੋਏ ਸਮੇਂ ਤੱਕ ਪਈ ਰਹੀ ਅਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਪਰਜਾ ਵਿੱਚੋਂ ਸੱਤਰ ਹਜ਼ਾਰ ਲੋਕ ਮਰ ਗਏ। 16 ਜਦ ਦੂਤ ਨੇ ਯਰੂਸ਼ਲਮ ਦੇ ਨਾਸ ਕਰਨ ਨੂੰ ਆਪਣਾ ਹੱਥ ਵਧਾਇਆ ਤਾਂ ਯਹੋਵਾਹ ਉਸ ਸਾਰੀ ਬਿਪਤਾ ਦੇ ਕਾਰਨ ਪਛਤਾਇਆ ਅਤੇ ਉਸ ਦੂਤ ਨੂੰ ਜੋ ਲੋਕਾਂ ਨੂੰ ਮਾਰਦਾ ਸੀ ਆਖਿਆ, ਬਸ, ਬਹੁਤ ਹੋ ਗਿਆ, ਹੁਣ ਆਪਣਾ ਹੱਥ ਖਿੱਚ ਲੈ। ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਅਰਵਨਾਹ ਦੇ ਪਿੜ ਕੋਲ ਖੜ੍ਹਾ ਸੀ। 17 ਅਤੇ ਜਦ ਦਾਊਦ ਨੇ ਉਸ ਲੋਕਾਂ ਦੇ ਮਾਰਨ ਵਾਲੇ ਦੂਤ ਨੂੰ ਵੇਖਿਆ ਤਾਂ ਯਹੋਵਾਹ ਨੂੰ ਆਖਿਆ, ਵੇਖ, ਪਾਪ ਤਾਂ ਮੈਂ ਕੀਤਾ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼? ਸੋ ਮੇਰੇ ਪਿਤਾ ਦੇ ਘਰਾਣੇ ਉੱਤੇ ਆਪਣਾ ਹੱਥ ਚਲਾ! 18 ਉਸ ਦਿਨ ਗਾਦ ਦਾਊਦ ਕੋਲ ਆਇਆ ਅਤੇ ਉਹ ਨੂੰ ਆਖਿਆ, ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾ। 19 ਦਾਊਦ ਨੇ ਗਾਦ ਦੇ ਆਖਣ ਅਨੁਸਾਰ ਜਿਵੇਂ ਯਹੋਵਾਹ ਦੀ ਆਗਿਆ ਸੀ ਉੱਥੇ ਗਿਆ। 20 ਅਤੇ ਅਰਵਨਾਹ ਨੇ ਤੱਕਿਆ ਅਤੇ ਰਾਜਾ ਅਤੇ ਉਸ ਦੇ ਸੇਵਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਸੋ ਅਰਵਨਾਹ ਨਿੱਕਲਿਆ ਅਤੇ ਰਾਜਾ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ। 21 ਅਤੇ ਅਰਵਨਾਹ ਨੇ ਆਖਿਆ, ਮਹਾਰਾਜ ਮੇਰਾ ਰਾਜਾ ਆਪਣੇ ਸੇਵਕ ਕੋਲ ਕਿਉਂ ਆਇਆ? ਦਾਊਦ ਨੇ ਆਖਿਆ, ਇਹ ਪਿੜ ਮੈਂ ਤੇਰੇ ਕੋਲੋਂ ਮੁੱਲ ਲੈਣ ਲਈ ਆਇਆ ਹਾਂ ਕਿ ਯਹੋਵਾਹ ਲਈ ਇੱਕ ਜਗਵੇਦੀ ਬਣਾਵਾਂ ਤਾਂ ਜੋ ਲੋਕਾਂ ਵਿੱਚੋਂ ਮਰੀ ਹਟ ਜਾਏ। 22 ਅਰਵਨਾਹ ਨੇ ਦਾਊਦ ਨੂੰ ਆਖਿਆ, ਮੇਰਾ ਮਹਾਰਾਜ ਰਾਜਾ ਜੋ ਕੁਝ ਭੇਟ ਕਰਨ ਲਈ ਉਸ ਦੀ ਨਿਗਾਹ ਵਿੱਚ ਚੰਗਾ ਹੋਵੇ ਸੋ ਲਵੇ; ਹੋਮ ਦੀ ਭੇਟ ਲਈ ਬਲ਼ਦ ਹਨ, ਅਤੇ ਗਾਹ ਪਾਉਣ ਦਾ ਵਲੇਵਾ ਬਲ਼ਦਾਂ ਦੇ ਵਲੇਵੇ ਸਣੇ ਲੱਕੜ ਦੇ ਲਈ ਹੈ। 23 ਇਹ ਸਭ ਕੁਝ ਅਰਵਨਾਹ ਨੇ ਰਾਜਾ ਨੂੰ ਦੇ ਦਿੱਤਾ। ਫਿਰ ਅਰਵਨਾਹ ਨੇ ਰਾਜਾ ਨੂੰ ਆਖਿਆ, ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਤੋਂ ਪਰਸੰਨ ਹੋਵੇ। 24 ਰਾਜਾ ਨੇ ਅਰਵਨਾਹ ਨੂੰ ਆਖਿਆ, ਅਜਿਹਾ ਨਹੀਂ ਹੋਵੇਗਾ ਨਹੀਂ, ਪਰ ਮੈਂ ਤੈਨੂੰ ਮੁੱਲ ਦੇ ਕੇ ਉਹ ਪਿੜ ਲਵਾਂਗਾ ਅਤੇ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਭੇਟ ਨਾ ਚੜ੍ਹਾਵਾਂਗਾ ਜਿਸ ਵਿੱਚ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ! ਸੋ ਦਾਊਦ ਨੇ ਉਹ ਪਿੜ ਅਤੇ ਉਹ ਬਲ਼ਦ ਚਾਂਦੀ ਦੇ ਪੰਜਾਹ ਸ਼ਕੇਲ ਰੁਪਏ ਦੇ ਕੇ ਮੁੱਲ ਲੈ ਲਿਆ। 25 ਤਦ ਦਾਊਦ ਨੇ ਉੱਥੇ ਯਹੋਵਾਹ ਦੇ ਲਈ ਜਗਵੇਦੀ ਬਣਾਈ ਅਤੇ ਹੋਮ ਦੀਆਂ ਬਲੀਆਂ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਸੋ ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਸੁਣ ਲਈਆਂ, ਤਦ ਇਸਰਾਏਲ ਵਿੱਚੋਂ ਮਰੀ ਹਟ ਗਈ।