26
ਅਗ੍ਰਿੱਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਆਗਿਆ ਹੈ। ਤਦ ਪੌਲੁਸ ਬਾਂਹ ਕੱਢ ਕੇ ਆਪਣੀ ਸਫ਼ਾਈ ਵਿੱਚ ਇਹ ਕਹਿਣ ਲੱਗਾ,
ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਧੰਨ ਸਮਝਦਾ ਹਾਂ ਕਿ ਜਿਨ੍ਹਾਂ ਗੱਲਾਂ ਦਾ ਯਹੂਦੀ ਮੇਰੇ ਉੱਤੇ ਦੋਸ਼ ਲਾਉਂਦੇ ਹਨ ਉਨ੍ਹਾਂ ਸਭਨਾਂ ਦੀ ਅੱਜ ਤੁਹਾਡੇ ਅੱਗੇ ਮੈਂ ਸਫ਼ਾਈ ਦਿੰਦਾ ਹਾਂ। ਖ਼ਾਸ ਕਰਕੇ ਇਸ ਲਈ ਜੋ ਤੁਸੀਂ ਯਹੂਦੀਆਂ ਦੀਆਂ ਸਾਰੀਆਂ ਚਾਲਾਂ ਅਤੇ ਝਗੜਿਆਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋ। ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ, ਧੀਰਜ ਨਾਲ ਮੇਰੀ ਗੱਲ ਸੁਣੋ। ਸਾਰੇ ਯਹੂਦੀ ਜਵਾਨੀ ਤੋਂ ਮੇਰੀ ਚਾਲ ਨੂੰ ਜਾਣਦੇ ਹਨ, ਜਿਹੜੀ ਮੁੱਢੋਂ ਆਪਣੀ ਕੌਮ ਵਿੱਚ ਅਤੇ ਯਰੂਸ਼ਲਮ ਵਿੱਚ ਸੀ। ਸੋ ਜੇ ਉਹ ਗਵਾਹੀ ਦੇਣੀ ਚਾਹੁਣ ਤਾਂ ਮੁੱਢੋਂ ਮੈਨੂੰ ਜਾਣਦੇ ਹਨ ਕਿ ਸਾਡੇ ਧਰਮ ਦੇ ਸਭ ਤੋਂ ਕਠੋਰ ਪੰਥ ਦੇ ਅਨੁਸਾਰ ਮੈਂ ਫ਼ਰੀਸੀ ਚਾਲ ਚੱਲਿਆ। ਅਤੇ ਹੁਣ ਮੈਂ ਉਸ ਵਾਇਦੇ ਦੀ ਆਸ ਦੇ ਕਾਰਨ ਜਿਹੜਾ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨਾਲ ਕੀਤਾ ਸੀ ਅਦਾਲਤ ਵਿੱਚ ਖੜ੍ਹਾ ਹਾਂ। ਉਸੇ ਵਾਇਦੇ ਨੂੰ ਪ੍ਰਾਪਤ ਕਰਨ ਦੀ ਆਸ ਉੱਤੇ ਸਾਡੇ ਬਾਰਾਂ ਗੋਤ ਦਿਨ ਰਾਤ ਵੱਡੇ ਯਤਨ ਨਾਲ ਪਰਮੇਸ਼ੁਰ ਦੀ ਬੰਦਗੀ ਕਰਦੇ ਹਨ। ਹੇ ਰਾਜਾ, ਇਸੇ ਆਸ ਦੇ ਬਦਲੇ ਯਹੂਦੀ ਮੇਰੇ ਉੱਤੇ ਦੋਸ਼ ਲਾਉਂਦੇ ਹਨ! ਇਸ ਗੱਲ ਨੂੰ ਕਿਉਂ ਅਸੰਭਵ ਮੰਨਦੇ ਹੋ ਕਿ ਪਰਮੇਸ਼ੁਰ ਮੁਰਦਿਆਂ ਨੂੰ ਜਿਉਂਦਾ ਕਰੇ? ਮੈਂ ਤਾਂ ਆਪਣੇ ਮਨ ਵਿੱਚ ਸਮਝਿਆ ਕਿ ਯਿਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ। 10 ਸੋ ਇਹੋ ਮੈਂ ਯਰੂਸ਼ਲਮ ਵਿੱਚ ਕੀਤਾ, ਅਤੇ ਮੁੱਖ ਜਾਜਕਾਂ ਕੋਲੋਂ ਅਧਿਕਾਰ ਪਾ ਕੇ ਬਹੁਤ ਸੰਤਾਂ ਨੂੰ ਕੈਦਖ਼ਾਨਿਆਂ ਵਿੱਚ ਬੰਦ ਕੀਤਾ ਅਤੇ ਜਦੋਂ ਉਹ ਮਾਰੇ ਜਾਂਦੇ ਸਨ ਤਾਂ ਮੈਂ ਉਹਨਾਂ ਦੇ ਵਿਰੁੱਧ ਸਹਿਮਤ ਹੁੰਦਾ ਸੀ। 11 ਮੈਂ ਹਰੇਕ ਪ੍ਰਾਰਥਨਾ ਘਰ ਵਿੱਚ ਉਨ੍ਹਾਂ ਨੂੰ ਬਹੁਤ ਵਾਰੀ ਸਜ਼ਾ ਦੇ ਕੇ ਯਿਸੂ ਦੇ ਵਿਰੁੱਧ ਗਲਤ ਬੋਲਣ ਦੇ ਲਈ ਉਨ੍ਹਾਂ ਨੂੰ ਤੰਗ ਕੀਤਾ, ਸਗੋਂ ਉਨ੍ਹਾਂ ਦੇ ਵਿਰੋਧ ਵਿੱਚ ਅੱਤ ਸ਼ੁਦਾਈ ਹੋ ਕੇ ਮੈਂ ਪਰਦੇਸ ਦੇ ਨਗਰਾਂ ਤੱਕ ਵੀ ਉਨ੍ਹਾਂ ਨੂੰ ਸਤਾਉਂਦਾ ਸੀ।
ਪੌਲੁਸ ਆਪਣੇ ਮਨ ਪਰਿਵਰਤਨ ਦਾ ਵਰਣਨ ਕਰਦਾ ਹੈ
ਰਸੂਲਾਂ ਦੇ ਕਰਤੱਬ 9:1-19; 22:6-16
12 ਜਦੋਂ ਮੈਂ ਮੁੱਖ ਜਾਜਕਾਂ ਤੋਂ ਅਧਿਕਾਰ ਅਤੇ ਆਗਿਆ ਪਾ ਕੇ ਇਸ ਗੱਲ ਲਈ ਦੰਮਿਸ਼ਕ ਨੂੰ ਜਾ ਰਿਹਾ ਸੀ। 13 ਤਾਂ ਹੇ ਰਾਜਾ, ਦੁਪਹਿਰ ਦੇ ਵੇਲੇ ਮੈਂ ਰਾਹ ਵਿੱਚ ਅਕਾਸ਼ ਤੋਂ ਇੱਕ ਜੋਤ ਸੂਰਜ ਨਾਲੋਂ ਵੀ ਵੱਧ ਚਮਕਦਾਰ ਆਪਣੇ ਅਤੇ ਆਪਣਿਆਂ ਸਾਥੀਆਂ ਦੇ ਚੁਫ਼ੇਰੇ ਚਮਕਦੀ ਵੇਖੀ। 14 ਅਤੇ ਜਦੋਂ ਅਸੀਂ ਸਭ ਧਰਤੀ ਉੱਤੇ ਡਿੱਗ ਪਏ ਤਾਂ ਮੈਂ ਇੱਕ ਅਵਾਜ਼ ਸੁਣੀ ਜੋ ਇਬਰਾਨੀ ਭਾਸ਼ਾ ਵਿੱਚ ਮੈਨੂੰ ਇਸ ਤਰ੍ਹਾਂ ਆਖਦੀ ਸੀ ਕਿ ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ? ਮੇਖਾਂ ਲੱਗੀ ਸੋਟੀ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਹੈ! 15 ਤਾਂ ਮੈਂ ਆਖਿਆ, ਪ੍ਰਭੂ ਜੀ, ਤੁਸੀਂ ਕੌਣ ਹੋ? ਪ੍ਰਭੂ ਬੋਲਿਆ, ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ। 16  ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ, ਕਿ ਉਨ੍ਹਾਂ ਗੱਲਾਂ ਦਾ ਜਿਨ੍ਹਾਂ ਵਿੱਚ ਤੂੰ ਮੈਨੂੰ ਵੇਖਿਆ ਅਤੇ ਜਿਨ੍ਹਾਂ ਵਿੱਚ ਮੈਂ ਤੈਨੂੰ ਵਿਖਾਈ ਦੇਵਾਂਗਾ, ਤੈਨੂੰ ਸੇਵਕ ਅਤੇ ਗਵਾਹ ਠਹਿਰਾਵਾਂ। 17  ਮੈਂ ਤੈਨੂੰ ਇਸ ਕੌਮ ਅਤੇ ਪਰਾਈਆਂ ਕੌਮਾਂ ਤੋਂ ਬਚਾਵਾਂਗਾ, ਜਿਨ੍ਹਾਂ ਦੇ ਕੋਲ ਮੈਂ ਤੈਨੂੰ ਭੇਜਦਾ ਹਾਂ। 18  ਤਾਂ ਜੋ ਤੂੰ ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹ ਦੇਵੇਂ ਕਿ ਉਹ ਹਨੇਰੇ ਤੋਂ ਚਾਨਣ ਦੀ ਵੱਲ ਅਤੇ ਸ਼ੈਤਾਨ ਤੋਂ ਪਰਮੇਸ਼ੁਰ ਦੀ ਵੱਲ ਮੁੜਨ ਤਾਂ ਕਿ ਉਹ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਨ ਅਤੇ ਉਨ੍ਹਾਂ ਨਾਲ ਅਧਿਕਾਰ ਪਾਉਣ ਜੋ ਮੇਰੇ ਉੱਤੇ ਵਿਸ਼ਵਾਸ ਕਰ ਕੇ ਪਵਿੱਤਰ ਹੋਏ ਹਨ।
ਪੌਲੁਸ ਆਪਣੇ ਕੰਮਾਂ ਦਾ ਵਰਣਨ ਕਰਦਾ ਹੈ
19 ਸੋ ਹੇ ਰਾਜਾ ਅਗ੍ਰਿੱਪਾ, ਮੈਂ ਉਸ ਸਵਰਗੀ ਦਰਸ਼ਣ ਤੋਂ ਬੇਮੁੱਖ ਨਾ ਹੋਇਆ। 20 ਸਗੋਂ ਪਹਿਲਾਂ ਦੰਮਿਸ਼ਕ ਦੇ ਰਹਿਣ ਵਾਲਿਆਂ ਨੂੰ, ਫਿਰ ਯਰੂਸ਼ਲਮ, ਸਾਰੇ ਯਹੂਦਿਯਾ ਦੇਸ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਉਪਦੇਸ਼ ਕੀਤਾ ਕਿ ਤੋਬਾ ਕਰੋ ਅਤੇ ਪਰਮੇਸ਼ੁਰ ਦੀ ਵੱਲ ਮੁੜੋ ਅਤੇ ਤੋਬਾ ਦੇ ਯੋਗ ਕੰਮ ਕਰੋ। 21 ਇਨ੍ਹਾਂ ਹੀ ਗੱਲਾਂ ਕਰਕੇ ਯਹੂਦੀਆਂ ਨੇ ਮੈਨੂੰ ਹੈਕਲ ਵਿੱਚ ਫੜ ਲਿਆ ਅਤੇ ਮੈਨੂੰ ਮਾਰ ਸੁੱਟਣ ਦੀ ਕੋਸ਼ਿਸ਼ ਕੀਤੀ। 22 ਸੋ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਅੱਜ ਤੱਕ ਖੜ੍ਹਾ ਹਾਂ ਅਤੇ ਹਰੇਕ ਛੋਟੇ ਵੱਡੇ ਦੇ ਅੱਗੇ ਗਵਾਹੀ ਦਿੰਦਾ ਹਾਂ, ਜਿਹੜੀਆਂ ਗੱਲਾਂ ਨਬੀਆਂ ਨੇ ਅਤੇ ਮੂਸਾ ਨੇ ਆਖੀਆਂ ਸਨ ਕਿ ਇਹ ਹੋਣਗੀਆਂ, ਉਨ੍ਹਾਂ ਤੋਂ ਬਿਨ੍ਹਾਂ ਮੈਂ ਹੋਰ ਕੁਝ ਨਹੀਂ ਕਹਿੰਦਾ 23 ਇਹ ਜ਼ਰੂਰੀ ਹੈ ਜੋ ਮਸੀਹ ਦੁੱਖ ਝੱਲੇ ਅਤੇ ਮੁਰਦਿਆਂ ਦੇ ਜੀ ਉੱਠਣ ਵਾਲਿਆਂ ਵਿੱਚੋਂ ਪਹਿਲਾ ਹੋ ਕੇ, ਇਸ ਕੌਮ ਅਤੇ ਪਰਾਈਆਂ ਕੌਮਾਂ ਨੂੰ ਵੀ ਚਾਨਣ ਦਾ ਪਰਚਾਰ ਕਰੇ।
24 ਜਦੋਂ ਉਹ ਆਪਣੀ ਇਹ ਸਫ਼ਾਈ ਦੇ ਰਿਹਾ ਸੀ ਤਾਂ ਫ਼ੇਸਤੁਸ ਨੇ ਉੱਚੀ ਅਵਾਜ਼ ਨਾਲ ਆਖਿਆ, ਹੇ ਪੌਲੁਸ, ਤੂੰ ਪਾਗਲ ਹੈਂ, ਬਹੁਤ ਜਿਆਦਾ ਵਿੱਦਿਆ ਨੇ ਤੈਨੂੰ ਪਾਗਲ ਕਰ ਦਿੱਤਾ ਹੈ। 25 ਪੌਲੁਸ ਨੇ ਆਖਿਆ, ਹੇ ਫ਼ੇਸਤੁਸ ਬਹਾਦੁਰ, ਮੈਂ ਪਾਗਲ ਨਹੀਂ ਸਗੋਂ ਸਚਿਆਈ ਅਤੇ ਸਮਝ ਦੀਆਂ ਗੱਲਾਂ ਕਰਦਾ ਹਾਂ। 26 ਕਿਉਂਕਿ ਰਾਜਾ, ਜਿਸ ਦੇ ਸਾਹਮਣੇ ਮੈਂ ਬਿਨ੍ਹਾਂ ਡਰ ਤੋਂ ਬੋਲਦਾ ਹਾਂ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ, ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁੱਕੀ ਹੋਈ ਨਹੀਂ ਕਿਉਂਕਿ ਇਹ ਘਟਨਾ ਕੋਨੇ ਵਿੱਚ ਨਹੀਂ ਵਾਪਰੀ। 27 ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਤੇ ਵਿਸ਼ਵਾਸ ਕਰਦੇ ਹੋ? ਮੈਂ ਤਾਂ ਜਾਣਦਾ ਹਾਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ? 28 ਅਗ੍ਰਿੱਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਸ ਹੋਵੇਗੀ ਕਿ ਮੈਨੂੰ ਥੋੜ੍ਹੇ ਸਮੇਂ ਵਿੱਚ ਮੈਨੂੰ ਮਸੀਹੀ ਕਰ ਲਵੇਂ! 29 ਪੌਲੁਸ ਬੋਲਿਆ, ਪਰਮੇਸ਼ੁਰ ਕਰੇ ਕਿ ਭਾਵੇਂ ਥੋੜ੍ਹੇ ਭਾਵੇਂ ਬਹੁਤ ਸਮੇਂ ਵਿੱਚ, ਕੇਵਲ ਤੁਸੀਂ ਹੀ ਨਹੀਂ ਪਰ ਉਹ ਸਭ ਵੀ ਜਿਹੜੇ ਅੱਜ ਦੇ ਦਿਨ ਮੇਰੀ ਸੁਣਦੇ ਹਨ, ਇਨ੍ਹਾਂ ਬੰਧਨਾਂ ਤੋਂ ਬਿਨ੍ਹਾਂ ਇਹੋ ਜਿਹੇ ਹੋ ਜਾਣ ਜਿਹੋ ਜਿਹਾ ਮੈਂ ਹਾਂ!
30 ਤਦ ਰਾਜਾ, ਹਾਕਮ, ਬਰਨੀਕੇ ਅਤੇ ਉਹ ਜਿਹੜੇ ਉਨ੍ਹਾਂ ਦੇ ਨਾਲ ਬੈਠੇ ਸਨ ਉੱਠ ਖੜੇ ਹੋਏ 31 ਅਤੇ ਅਲੱਗ ਜਾ ਕੇ ਆਪਸ ਵਿੱਚ ਗੱਲਾਂ ਕਰ ਕੇ ਕਹਿਣ ਲੱਗੇ ਜੋ ਇਹ ਮਨੁੱਖ ਤਾਂ ਮਾਰੇ ਜਾਣ ਜਾਂ ਕੈਦ ਹੋਣ ਦੇ ਲਾਇਕ ਕੁਝ ਨਹੀਂ ਕਰਦਾ। 32 ਉਪਰੰਤ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਆਖਿਆ, ਕਿ ਜੇ ਇਹ ਮਨੁੱਖ ਕੈਸਰ ਦੀ ਦੁਹਾਈ ਨਾ ਦਿੰਦਾ ਤਾਂ ਛੁੱਟ ਸਕਦਾ ਸੀ।