6
ਸਹੇਲੀਆਂ
ਹੇ ਇਸਤਰੀਆਂ ਵਿੱਚੋਂ ਰੂਪਵੰਤ, ਤੇਰਾ ਬਾਲਮ ਕਿੱਥੇ ਗਿਆ ਹੈ?
ਤੇਰਾ ਬਾਲਮ ਕਿੱਧਰ ਚਲਾ ਗਿਆ ਤਾਂ ਜੋ ਅਸੀਂ ਤੇਰੇ ਨਾਲ ਉਹ ਨੂੰ ਭਾਲੀਏ?
ਵਧੂ
ਮੇਰਾ ਬਾਲਮ ਆਪਣੇ ਬਾਗ਼ ਲਈ,
ਆਪਣੀਆਂ ਬਲਸਾਨ ਦੀਆਂ ਕਿਆਰੀਆਂ ਵੱਲ ਗਿਆ ਹੈ,
ਤਾਂ ਜੋ ਬਾਗ਼ਾਂ ਵਿੱਚ ਆਪਣੀਆਂ ਭੇਡਾਂ-ਬੱਕਰੀਆਂ ਚਾਰੇ ਅਤੇ ਸੋਸਨ ਇਕੱਠੀ ਕਰੇ।
ਮੈਂ ਆਪਣੇ ਬਾਲਮ ਦੀ ਹਾਂ ਅਤੇ ਮੇਰਾ ਬਾਲਮ ਮੇਰਾ ਹੈ,
ਉਹ ਸੋਸਨਾਂ ਵਿੱਚ ਚਾਰਦਾ ਹੈ।
ਪੰਜਵਾਂ ਗੀਤ
ਵਰ
ਹੇ ਮੇਰੀ ਪ੍ਰੀਤਮਾ, ਤੂੰ ਤਿਰਸਾਹ ਨਗਰ ਵਾਂਗੂੰ ਰੂਪਵੰਤ,
ਯਰੂਸ਼ਲਮ ਵਾਂਗੂੰ ਸੋਹਣੀ,
ਇੱਕ ਝੰਡੇ ਵਾਲੇ ਲਸ਼ਕਰ ਦੇ ਵਾਂਗੂੰ ਭਿਆਨਕ ਹੈ!
ਤੂੰ ਆਪਣੀਆਂ ਅੱਖਾਂ ਮੈਥੋਂ ਫੇਰ ਲੈ,
ਉਹ ਤਾਂ ਮੈਨੂੰ ਘਬਰਾ ਦਿੰਦੀਆਂ ਹਨ!
ਤੇਰੇ ਵਾਲ਼ ਬੱਕਰੀਆਂ ਦੇ ਇੱਜੜ ਵਾਂਗੂੰ ਹਨ,
ਜਿਹੜੀਆਂ ਗਿਲਆਦ ਦੀ ਢਲਾਣ ਦੇ ਹੇਠਾਂ ਬੈਠੀਆਂ ਹਨ।
ਤੇਰੇ ਦੰਦ ਭੇਡਾਂ ਦੇ ਇੱਜੜ ਵਾਂਗੂੰ ਹਨ,
ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ,
ਜਿਹੜੀਆਂ ਸਾਰੀਆਂ ਜੋੜਿਆਂ ਨੂੰ ਜੰਮਦੀਆਂ ਹਨ,
ਉਨ੍ਹਾਂ ਵਿੱਚੋਂ ਕੋਈ ਇਕੱਲੀ ਨਹੀਂ।
ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆਂ ਵਾਂਗੂੰ ਹਨ।
ਸੱਠ ਰਾਣੀਆਂ ਅਤੇ ਅੱਸੀ ਰਖ਼ੈਲਾਂ
ਅਤੇ ਕੁਆਰੀਆਂ ਅਣਗਿਣਤ ਹਨ।
ਮੇਰੀ ਕਬੂਤਰੀ, ਮੇਰੀ ਨਿਰਮਲ ਅਨੋਖੀ ਹੈ,
ਉਹ ਆਪਣੀ ਮਾਂ ਦੀ ਇਕਲੌਤੀ ਲਾਡਲੀ
ਅਤੇ ਆਪਣੀ ਜਣਨੀ ਦੀ ਦੁਲਾਰੀ ਹੈ।
ਧੀਆਂ ਨੇ ਉਹ ਨੂੰ ਵੇਖ ਕੇ ਧੰਨ ਆਖਿਆ,
ਰਾਣੀਆਂ ਤੇ ਰਖ਼ੈਲਾਂ ਨੇ ਉਹ ਨੂੰ ਵਡਿਆਇਆ ਹੈ।
10 ਇਹ ਕੌਣ ਹੈ ਜਿਹੜੀ ਪ੍ਰਭਾਤ ਵਾਂਗੂੰ ਸ਼ੋਭਾਮਾਨ,
ਚੰਨ ਵਾਂਗੂੰ ਰੂਪਵੰਤ ਅਤੇ ਸੂਰਜ ਵਾਂਗੂੰ ਨਿਰਮਲ ਹੈ,
ਝੰਡੇ ਵਾਲੇ ਲਸ਼ਕਰ ਦੇ ਵਾਂਗੂੰ ਭਿਆਨਕ ਹੈ?
11 ਮੈਂ ਚਲਗੋਜਿਆਂ ਦੀ ਬਾੜੀ ਵਿੱਚ ਉਤਰ ਗਿਆ,
ਤਾਂ ਜੋ ਵਾਦੀ ਦੀ ਹਰਿਆਲੀ ਨੂੰ ਵੇਖਾਂ,
ਨਾਲੇ ਵੇਖਾਂ ਕਿ ਅੰਗੂਰਾਂ ਨੂੰ ਕਲੀਆਂ
ਅਤੇ ਅਨਾਰਾਂ ਨੂੰ ਫਲ ਨਿੱਕਲੇ ਹਨ ਜਾਂ ਨਹੀਂ।
12 ਮੈਂ ਨਾ ਜਾਣਿਆ,
ਮੇਰੇ ਖ਼ਿਆਲਾਂ ਨੇ ਮੈਨੂੰ ਮੇਰੇ ਸ਼ਾਹੀ ਲੋਕਾਂ ਦੇ ਰਥਾਂ ਵਿੱਚ ਬਿਠਾ ਦਿੱਤਾ।
ਸਹੇਲੀਆਂ
13 ਮੁੜ, ਮੁੜ ਆ, ਹੇ ਸੂਲੰਮੀਥ,
ਮੁੜ, ਮੁੜ ਆ, ਕਿ ਅਸੀਂ ਤੈਨੂੰ ਤੱਕੀਏ।
ਵਧੂ
ਤੁਸੀਂ ਕਿਉਂ ਸੂਲੰਮੀਥ ਦੇ ਉੱਤੇ ਨਿਗਾਹ ਕਰੋਗੇ,
ਜਿਵੇਂ ਮਹਨਇਮ ਦੇ ਨਾਚ ਉੱਤੇ ਕਰਦੇ ਹੋ?