ਕੂਚ. 40. ਫੇਰ ਯਹੋਵਾਹ ਮੂਸਾ ਨੂੰ ਬੋਲਿਆ ਕਿ ਪਹਿਲੇ ਮਹੀਨੇ ਦੇ ਪਹਿਲੇ ਦਿਨ ਤੂੰ ਡੇਰੇ ਦੀ ਮੰਡਲੀ ਦਾ ਤੰਬੂ ਖੜਾ ਕਰੀਂ। ਤੂੰ ਉਸ ਵਿੱਚ ਸਾਖੀ ਦਾ ਸੰਦੂਕ ਰੱਖੀਂ ਅਤੇ ਸੰਦੂਕ ਨੂੰ ਪਰਦੇ ਨਾਲ ਵੱਖਰਾ ਕਰੀਂ। ਤੂੰ ਮੇਜ਼ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਸਮਾਨ ਨੂੰ ਸੁਆਰ ਕੇ ਰੱਖੀਂ। ਤੂੰ ਸ਼ਮਾਦਾਨ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਦੀਵੇ ਜਗਾਵੀਂ ਅਤੇ ਧੂਪ ਦੀ ਸੋਨੇ ਦੀ ਜਗਵੇਦੀ ਸਾਖੀ ਦੇ ਸੰਦੂਕ ਦੇ ਅੱਗੇ ਰੱਖੀਂ ਅਤੇ ਡੇਰੇ ਦੇ ਦਰਵਾਜ਼ੇ ਦੀ ਓਟ ਲਮਕਾਈਂ। ਤੂੰ ਹੋਮ ਦੀ ਜਗਵੇਦੀ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਅੱਗੇ ਰੱਖੀਂ ਅਤੇ ਤੂੰ ਹੌਦ ਨੂੰ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖੀਂ ਅਤੇ ਉਸ ਵਿੱਚ ਪਾਣੀ ਪਾਈਂ। ਫੇਰ ਤੂੰ ਵਿਹੜੇ ਨੂੰ ਚੁਫ਼ੇਰੇ ਖੜਾ ਕਰੀਂ ਅਤੇ ਵਿਹੜੇ ਦੇ ਫਾਟਕ ਦੀ ਓਟ ਲਮਕਾਈਂ। ਤੂੰ ਮਲਣ ਦਾ ਤੇਲ ਲੈ ਕੇ ਡੇਰੇ ਨੂੰ ਅਤੇ ਜੋ ਕੁਝ ਉਸ ਵਿੱਚ ਹੈ ਉਸ ਨੂੰ ਮਲੀਂ ਇਸ ਲਈ ਤੂੰ ਉਹ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਪਵਿੱਤਰ ਕਰੀਂ ਤਾਂ ਉਹ ਪਵਿੱਤਰ ਹੋਵੇਗਾ। ਤੂੰ ਹੋਮ ਦੀ ਜਗਵੇਦੀ ਅਤੇ ਉਸ ਦੇ ਸਾਰੇ ਸਮਾਨ ਨੂੰ ਤੇਲ ਮਲੀਂ। ਇਸ ਤਰ੍ਹਾਂ ਤੂੰ ਜਗਵੇਦੀ ਨੂੰ ਪਵਿੱਤਰ ਕਰੀਂ ਤਾਂ ਉਹ ਜਗਵੇਦੀ ਬਹੁਤ ਪਵਿੱਤਰ ਹੋਵੇਗੀ। ਫੇਰ ਤੂੰ ਹੌਦ ਨੂੰ ਅਤੇ ਉਸ ਦੀ ਚੌਂਕੀ ਨੂੰ ਮਲੀਂ। ਤੂੰ ਉਹ ਨੂੰ ਪਵਿੱਤਰ ਕਰੀਂ। ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਪਾਣੀ ਨਾਲ ਨਹਲਾਈਂ। ਤੂੰ ਹਾਰੂਨ ਨੂੰ ਪਵਿੱਤਰ ਬਸਤਰ ਪੁਆਈਂ ਅਤੇ ਤੂੰ ਉਹ ਨੂੰ ਮਸਹ ਕਰ ਕੇ ਪਵਿੱਤਰ ਕਰੀਂ ਤਾਂ ਜੋ ਉਹ ਮੇਰੀ ਜਾਜਕਾਈ ਦੀ ਸੇਵਾ ਕਰੇ। ਤੂੰ ਉਸ ਦੇ ਪੁੱਤਰਾਂ ਨੂੰ ਨੇੜੇ ਲਿਆ ਕੇ ਕੁੜਤੇ ਪੁਆਈਂ ਅਤੇ ਤੂੰ ਉਨ੍ਹਾਂ ਨੂੰ ਮਸਹ ਕਰੀਂ ਜਿਵੇਂ ਤੂੰ ਉਨ੍ਹਾਂ ਦੇ ਪਿਤਾ ਨੂੰ ਮਸਹ ਕੀਤਾ ਤਾਂ ਜੋ ਉਹ ਮੇਰੇ ਜਾਜਕ ਹੋਣ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਮਸਹ ਹੋਣਾ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਜਾਜਕਾਈ ਹੋਵੇਗੀ। ਮੂਸਾ ਨੇ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਸਭ ਕੁਝ ਕੀਤਾ। ਉਪਰੰਤ ਇਸ ਤਰ੍ਹਾਂ ਹੋਇਆ ਕਿ ਦੂਜੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਉਹ ਡੇਰਾ ਖੜਾ ਕੀਤਾ ਗਿਆ। ਅਤੇ ਮੂਸਾ ਨੇ ਡੇਰੇ ਨੂੰ ਖੜਾ ਕੀਤਾ ਅਤੇ ਉਸ ਨੇ ਉਹ ਦੀਆਂ ਚੀਥੀਆਂ ਅਤੇ ਉਸ ਦੇ ਫੱਟੇ ਲਾਏ ਅਤੇ ਉਸ ਦੇ ਹੋੜੇ ਰੱਖੇ ਅਤੇ ਉਸ ਦੀਆਂ ਥੰਮ੍ਹੀਆਂ ਖੜੀਆਂ ਕੀਤੀਆਂ। ਫੇਰ ਡੇਰੇ ਉੱਤੇ ਉਸ ਨੇ ਤੰਬੂ ਤਾਣਿਆ ਅਤੇ ਤੰਬੂ ਉੱਤੇ ਉਤਾਹਾਂ ਢੱਕਣਾ ਲਾਇਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਫੇਰ ਉਸ ਸਾਖੀ ਨੂੰ ਲੈ ਕੇ ਸੰਦੂਕ ਵਿੱਚ ਪਾਇਆ ਅਤੇ ਚੋਬਾਂ ਸੰਦੂਕ ਉੱਤੇ ਰੱਖੀਆਂ ਅਤੇ ਪ੍ਰਾਸਚਿਤ ਦਾ ਸਰਪੋਸ਼ ਉਤਾਹਾਂ ਸੰਦੂਕ ਦੇ ਉੱਤੇ ਰੱਖਿਆ। ਉਹ ਸੰਦੂਕ ਨੂੰ ਡੇਰੇ ਦੇ ਅੰਦਰ ਲਿਆਇਆ ਅਤੇ ਓਟ ਦਾ ਪੜਦਾ ਲਮਕਾਇਆ ਅਤੇ ਸਾਖੀ ਦੇ ਸੰਦੂਕ ਨੂੰ ਓਟ ਵਿੱਚ ਰੱਖਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਫੇਰ ਉਸ ਨੇ ਮੇਜ਼ ਨੂੰ ਮੰਡਲੀ ਦੇ ਤੰਬੂ ਵਿੱਚ ਡੇਰੇ ਦੇ ਉੱਤਰ ਵੱਲ ਦੇ ਪਾਸੇ ਪਰਦੇ ਤੋਂ ਬਾਹਰ ਰੱਖਿਆ ਅਤੇ ਉਸ ਨੇ ਉਸ ਉੱਤੇ ਯਹੋਵਾਹ ਅੱਗੇ ਰੋਟੀ ਸੁਆਰ ਕੇ ਰੱਖੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਤਾਂ ਉਸ ਨੇ ਸ਼ਮਾਦਾਨ ਮੰਡਲੀ ਦੇ ਤੰਬੂ ਵਿੱਚ ਮੇਜ਼ ਦੇ ਸਾਹਮਣੇ ਡੇਰੇ ਦੇ ਦੱਖਣ ਵੱਲ ਦੇ ਪਾਸੇ ਰੱਖਿਆ ਅਤੇ ਉਸ ਨੇ ਯਹੋਵਾਹ ਦੇ ਅੱਗੇ ਦੀਵੇ ਜਗਾਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਫੇਰ ਉਸ ਨੇ ਸੋਨੇ ਦੀ ਜਗਵੇਦੀ ਨੂੰ ਮੰਡਲੀ ਦੇ ਤੰਬੂ ਵਿੱਚ ਪਰਦੇ ਦੇ ਸਾਹਮਣੇ ਰੱਖਿਆ ਅਤੇ ਉਸ ਉੱਤੇ ਸੁਗੰਧੀ ਧੂਪ ਜਲਾਈ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਫੇਰ ਉਸ ਨੇ ਡੇਰੇ ਦੇ ਦਰਵਾਜ਼ੇ ਦੀ ਓਟ ਲਮਕਾਈ। ਤਾਂ ਉਸ ਨੇ ਹੋਮ ਦੀ ਜਗਵੇਦੀ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਰੱਖਿਆ ਅਤੇ ਉਸ ਉੱਤੇ ਹੋਮ ਦੀ ਭੇਟ ਅਤੇ ਮੈਦੇ ਦੀ ਭੇਟ ਚੜ੍ਹਾਈ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਫੇਰ ਉਸ ਨੇ ਹੌਦ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖਿਆ ਅਤੇ ਉਸ ਵਿੱਚ ਨਹਾਉਣ ਦਾ ਪਾਣੀ ਪਾਇਆ ਅਤੇ ਮੂਸਾ ਤੇ ਹਾਰੂਨ ਅਤੇ ਉਸ ਦੇ ਪੁੱਤਰ ਉਸ ਵਿੱਚ ਹੱਥ-ਪੈਰ ਧੋਂਦੇ ਹੁੰਦੇ ਸਨ ਅਰਥਾਤ ਜਦ ਉਹ ਸਾਖੀ ਦੇ ਤੰਬੂ ਵਿੱਚ ਜਾਂਦੇ ਅਤੇ ਜਦ ਉਹ ਜਗਵੇਦੀ ਦੇ ਨੇੜੇ ਆਉਂਦੇ ਸਨ ਤਾਂ ਉਹ ਅਸ਼ਨਾਨ ਕਰਦੇ ਹੁੰਦੇ ਸਨ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਫੇਰ ਉਸ ਨੇ ਵਿਹੜਾ ਡੇਰੇ ਅਤੇ ਜਗਵੇਦੀ ਦੇ ਚੁਫ਼ੇਰੇ ਖੜਾ ਕੀਤਾ ਅਤੇ ਉਸ ਨੇ ਓਟ ਨੂੰ ਵਿਹੜੇ ਦੇ ਫਾਟਕ ਉੱਤੇ ਲਮਕਾਇਆ। ਇਸ ਤਰ੍ਹਾਂ ਮੂਸਾ ਨੇ ਉਸ ਕੰਮ ਨੂੰ ਸੰਪੂਰਨ ਕੀਤਾ। ਤਦ ਬੱਦਲ ਮੰਡਲੀ ਦੇ ਤੰਬੂ ਉੱਤੇ ਛਾ ਗਿਆ ਅਤੇ ਯਹੋਵਾਹ ਦੇ ਪਰਤਾਪ ਨੇ ਡੇਰੇ ਨੂੰ ਭਰ ਦਿੱਤਾ। ਫਿਰ ਮੂਸਾ ਮੰਡਲੀ ਦੇ ਤੰਬੂ ਵਿੱਚ ਵੜ ਨਾ ਸਕਿਆ ਕਿਉਂ ਜੋ ਬੱਦਲ ਉਸ ਉੱਤੇ ਛਾਇਆ ਹੋਇਆ ਸੀ ਅਤੇ ਯਹੋਵਾਹ ਦੇ ਪਰਤਾਪ ਨੇ ਡੇਰੇ ਨੂੰ ਭਰ ਦਿੱਤਾ। ਜਦੋਂ ਵੀ ਬੱਦਲ ਡੇਰੇ ਦੇ ਉੱਤੋਂ ਚੁੱਕਿਆ ਜਾਂਦਾ ਸੀ ਤਦ ਇਸਰਾਏਲੀ ਆਪਣੇ ਸਾਰੇ ਸਫ਼ਰ ਵਿੱਚ ਅੱਗੇ ਕੂਚ ਕਰਦੇ ਸਨ ਪਰ ਜਦ ਬੱਦਲ ਚੁੱਕਿਆ ਨਹੀਂ ਜਾਂਦਾ ਦਾ ਸੀ ਤਾਂ ਉਹ ਨਹੀਂ ਚੱਲਦੇ ਸਨ ਜਦ ਤੱਕ ਬੱਦਲ ਚੁੱਕਿਆ ਨਾ ਜਾਵੇ। ਕਿਉਂਕਿ ਦਿਨ ਨੂੰ ਯਹੋਵਾਹ ਦਾ ਬੱਦਲ ਡੇਰੇ ਉੱਤੇ ਹੁੰਦਾ ਸੀ ਅਤੇ ਰਾਤ ਨੂੰ ਉਸ ਵਿੱਚ ਅੱਗ ਹੁੰਦੀ ਸੀ। ਇਸਰਾਏਲ ਦੇ ਸਾਰੇ ਘਰਾਣੇ ਦੀ ਨਿਗਾਹ ਵਿੱਚ ਉਨ੍ਹਾਂ ਦੇ ਸਾਰੇ ਸਫ਼ਰ ਵਿੱਚ ਇਸ ਤਰ੍ਹਾਂ ਹੀ ਹੁੰਦਾ ਰਿਹਾ।