ਗਿਣਤੀ. 33. ਇਹ ਇਸਰਾਏਲੀਆਂ ਦੇ ਸਫ਼ਰ ਹਨ ਜਦ ਉਹ ਮਿਸਰ ਦੇਸ ਤੋਂ ਆਪਣੀਆਂ ਸੈਨਾਂ ਅਨੁਸਾਰ ਮੂਸਾ ਅਤੇ ਹਾਰੂਨ ਦੀ ਅਗਵਾਈ ਨਾਲ ਨਿੱਕਲੇ। ਅਤੇ ਮੂਸਾ ਨੇ ਉਨ੍ਹਾਂ ਦੇ ਸਫ਼ਰਾਂ ਨੂੰ ਉਨ੍ਹਾਂ ਦੀਆਂ ਮੰਜ਼ਲਾਂ ਅਨੁਸਾਰ ਯਹੋਵਾਹ ਦੇ ਹੁਕਮ ਨਾਲ ਲਿਖਿਆ ਸੋ ਉਨ੍ਹਾਂ ਦੇ ਸਫ਼ਰ ਦੀਆਂ ਮੰਜ਼ਲਾਂ ਇਹ ਹਨ ਉਨ੍ਹਾਂ ਨੇ ਰਾਮਸੇਸ ਤੋਂ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ ਕੂਚ ਕੀਤਾ। ਪਸਾਹ ਦੇ ਇੱਕ ਦਿਨ ਪਿੱਛੋਂ ਇਸਰਾਏਲੀ ਜ਼ਬਰਦਸਤੀ ਨਾਲ ਸਾਰੇ ਮਿਸਰੀਆਂ ਦੇ ਵੇਖਦਿਆਂ ਤੇ ਨਿੱਕਲ ਗਏ। ਜਦੋਂ ਮਿਸਰੀ ਸਾਰੇ ਪਹਿਲੌਠਿਆਂ ਨੂੰ ਜਿਨ੍ਹਾਂ ਨੂੰ ਯਹੋਵਾਹ ਨੇ ਮਾਰਿਆ ਸੀ ਦੱਬ ਰਹੇ ਸਨ ਅਤੇ ਯਹੋਵਾਹ ਨੇ ਉਨ੍ਹਾਂ ਦੇ ਦੇਵਤਿਆਂ ਨੂੰ ਸਜ਼ਾ ਵੀ ਦਿੱਤੀ। ਤਾਂ ਇਸਰਾਏਲੀਆਂ ਨੇ ਰਾਮਸੇਸ ਤੋਂ ਕੂਚ ਕਰਕੇ ਸੁੱਕੋਥ ਵਿੱਚ ਆਪਣੇ ਡੇਰੇ ਲਾਏ। ਫੇਰ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰਕੇ ਏਥਾਮ ਵਿੱਚ ਡੇਰੇ ਲਾਏ ਜਿਹੜਾ ਉਜਾੜ ਦੀ ਹੱਦ ਉੱਤੇ ਹੈ। ਫੇਰ ਏਥਾਮ ਤੋਂ ਕੂਚ ਕਰਕੇ ਉਹ ਪੀ-ਹਹੀਰੋਥ ਨੂੰ ਮੁੜੇ ਜਿਹੜਾ ਬਆਲ-ਸਫ਼ੋਨ ਦੇ ਅੱਗੇ ਹੈ ਅਤੇ ਮਿਗਦੋਲ ਦੇ ਅੱਗੇ ਉਨ੍ਹਾਂ ਨੇ ਡੇਰੇ ਲਾਏ। ਤਦ ਪੀ-ਹਹੀਰੋਥ ਦੇ ਅੱਗੋਂ ਕੂਚ ਕਰ ਕੇ ਉਹ ਸਮੁੰਦਰ ਦੇ ਵਿੱਚੋਂ ਦੀ ਲੰਘ ਕੇ ਉਜਾੜ ਵਿੱਚ ਆਏ ਅਤੇ ਉਨ੍ਹਾਂ ਨੇ ਏਥਾਮ ਦੀ ਉਜਾੜ ਵਿੱਚ ਤਿੰਨ ਦਿਨ ਦਾ ਸਫ਼ਰ ਕਰ ਕੇ ਮਾਰਾਹ ਵਿੱਚ ਡੇਰੇ ਲਾਏ। ਅਤੇ ਮਾਰਾਹ ਤੋਂ ਕੂਚ ਕਰਕੇ ਉਹ ਏਲਿਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਤੇ ਸੱਤਰ ਖਜ਼ੂਰ ਦੇ ਰੁੱਖ ਸਨ, ਉਹਨਾਂ ਨੇ ਉੱਥੇ ਡੇਰੇ ਲਾਏ। ਫੇਰ ਉਨ੍ਹਾਂ ਨੇ ਏਲਿਮ ਤੋਂ ਕੂਚ ਕਰ ਕੇ ਲਾਲ ਸਮੁੰਦਰ ਕੋਲ ਡੇਰੇ ਲਾਏ। ਅਤੇ ਲਾਲ ਸਮੁੰਦਰ ਤੋਂ ਕੂਚ ਕਰਕੇ ਸੀਨ ਦੀ ਉਜਾੜ ਵਿੱਚ ਡੇਰੇ ਲਾਏ। ਤਾਂ ਸੀਨ ਦੀ ਉਜਾੜ ਤੋਂ ਕੂਚ ਕਰ ਕੇ ਦਾਫ਼ਕਾਹ ਵਿੱਚ ਡੇਰੇ ਲਾਏ। ਅਤੇ ਦਾਫ਼ਕਾਹ ਤੋਂ ਕੂਚ ਕਰ ਕੇ ਆਲੂਸ਼ ਵਿੱਚ ਡੇਰੇ ਲਾਏ। ਤਾਂ ਆਲੂਸ਼ ਤੋਂ ਕੂਚ ਕਰ ਕੇ ਰਫ਼ੀਦੀਮ ਵਿੱਚ ਡੇਰੇ ਲਾਏ ਪਰ ਉੱਥੋਂ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ। ਫੇਰ ਰਫ਼ੀਦੀਮ ਤੋਂ ਕੂਚ ਕਰ ਕੇ ਸੀਨਈ ਦੀ ਉਜਾੜ ਵਿੱਚ ਡੇਰੇ ਲਾਏ। ਅਤੇ ਸੀਨਈ ਦੀ ਉਜਾੜ ਤੋਂ ਕੂਚ ਕਰ ਕੇ ਕਿਬਰੋਥ-ਹੱਤਾਵਾਹ ਵਿੱਚ ਡੇਰੇ ਲਾਏ ਤਾਂ ਕਿਬਰੋਥ-ਹੱਤਾਵਾਹ ਤੋਂ ਕੂਚ ਕਰ ਕੇ ਹਸੇਰੋਥ ਵਿੱਚ ਡੇਰੇ ਲਾਏ ਤਾਂ ਹਸੇਰੋਥ ਤੋਂ ਕੂਚ ਕਰ ਕੇ ਰਿਥਮਾਹ ਵਿੱਚ ਡੇਰੇ ਲਾਏ। ਅਤੇ ਰਿਥਮਾਹ ਤੋਂ ਕੂਚ ਕਰ ਕੇ ਰਿੰਮੋਨ-ਪਾਰਸ ਵਿੱਚ ਡੇਰੇ ਲਾਏ। ਅਤੇ ਰਿੰਮੋਨ-ਪਾਰਸ ਤੋਂ ਕੂਚ ਕਰ ਕੇ ਲਿਬਨਾਹ ਵਿੱਚ ਡੇਰੇ ਲਾਏ ਤਾਂ ਲਿਬਨਾਹ ਤੋਂ ਕੂਚ ਕਰ ਕੇ ਰਿੱਸਾਹ ਵਿੱਚ ਡੇਰੇ ਲਾਏ ਤਾਂ ਰਿੱਸਾਹ ਤੋਂ ਕੂਚ ਕਰ ਕੇ ਕਹੇਲਾਥਾਹ ਵਿੱਚ ਡੇਰੇ ਲਾਏ। ਅਤੇ ਕਹੇਲਾਥਾਹ ਤੋਂ ਕੂਚ ਕਰ ਕੇ ਸ਼ਾਫ਼ਰ ਪਰਬਤ ਵਿੱਚ ਡੇਰੇ ਲਾਏ ਤਾਂ ਸ਼ਾਫ਼ਰ ਪਰਬਤ ਤੋਂ ਕੂਚ ਕਰ ਕੇ ਹਰਾਦਾਹ ਵਿੱਚ ਡੇਰੇ ਲਾਏ ਤਾਂ ਹਰਾਦਾਹ ਤੋਂ ਕੂਚ ਕਰ ਕੇ ਮਕਹੇਲੋਥ ਵਿੱਚ ਡੇਰੇ ਲਾਏ। ਫੇਰ ਮਕਹੇਲੋਥ ਤੋਂ ਕੂਚ ਕਰ ਕੇ ਤਹਥ ਵਿੱਚ ਡੇਰੇ ਲਾਏ ਅਤੇ ਤਹਥ ਤੋਂ ਕੂਚ ਕਰ ਕੇ ਤਾਰਹ ਵਿੱਚ ਡੇਰੇ ਲਾਏ। ਅਤੇ ਤਾਰਹ ਤੋਂ ਕੂਚ ਕਰ ਕੇ ਮਿਥਕਾਹ ਵਿੱਚ ਡੇਰੇ ਲਾਏ ਤਾਂ ਮਿਥਕਾਹ ਤੋਂ ਕੂਚ ਕਰ ਕੇ ਹਸ਼ਮੋਨਾਹ ਵਿੱਚ ਡੇਰੇ ਲਾਏ ਤਾਂ ਹਸ਼ਮੋਨਾਹ ਤੋਂ ਕੂਚ ਕਰ ਕੇ ਮੋਸੇਰੋਥ ਵਿੱਚ ਡੇਰੇ ਲਾਏ ਅਤੇ ਮੋਸੇਰੋਥ ਤੋਂ ਕੂਚ ਕਰ ਕੇ ਬਨੇ-ਯਆਕਾਨ ਵਿੱਚ ਡੇਰੇ ਲਾਏ ਤਾਂ ਬਨੇ-ਯਆਕਾਨ ਤੋਂ ਕੂਚ ਕਰ ਕੇ ਹੋਰ-ਹਗਿਦਗਾਦ ਵਿੱਚ ਡੇਰੇ ਲਾਏ। ਫੇਰ ਹੋਰ-ਹਗਿਦਗਾਦ ਤੋਂ ਕੂਚ ਕਰ ਕੇ ਯਾਟਬਾਥਾਹ ਵਿੱਚ ਡੇਰੇ ਲਾਏ ਅਤੇ ਯਾਟਬਾਥਾਹ ਤੋਂ ਕੂਚ ਕਰ ਕੇ ਅਬਰੋਨਾਹ ਵਿੱਚ ਡੇਰੇ ਲਾਏ ਤਾਂ ਅਬਰੋਨਾਹ ਤੋਂ ਕੂਚ ਕਰ ਕੇ ਅਸਯੋਨ-ਗਬਰ ਵਿੱਚ ਡੇਰੇ ਲਾਏ ਤਾਂ ਅਸਯੋਨ-ਗਬਰ ਤੋਂ ਕੂਚ ਕਰ ਕੇ ਸੀਨ ਦੀ ਉਜਾੜ ਵਿੱਚ ਜਿਹੜੀ ਕਾਦੇਸ਼ ਹੈ ਡੇਰੇ ਲਾਏ ਅਤੇ ਕਾਦੇਸ਼ ਤੋਂ ਕੂਚ ਕਰ ਕੇ ਹੋਰ ਨਾਮੇ ਪਰਬਤ ਵਿੱਚ ਅਦੋਮ ਦੇਸ ਦੀ ਹੱਦ ਉੱਤੇ ਡੇਰੇ ਲਾਏ ਅਤੇ ਹਾਰੂਨ ਜਾਜਕ ਹੋਰ ਪਰਬਤ ਉੱਤੇ ਯਹੋਵਾਹ ਦੇ ਹੁਕਮ ਨਾਲ ਚੜ੍ਹਿਆ ਅਤੇ ਉੱਥੇ ਉਹ ਮਰ ਗਿਆ। ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਚਾਲੀਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਮਰ ਗਿਆ ਅਤੇ ਹਾਰੂਨ ਇੱਕ ਸੌ ਤੇਈ ਸਾਲ ਦਾ ਸੀ ਜਦ ਉਹ ਹੋਰ ਪਰਬਤ ਉੱਤੇ ਮਰ ਗਿਆ। ਕਨਾਨੀਆਂ ਦੇ ਰਾਜਾ ਅਰਾਦ ਨੇ ਜੋ ਕਨਾਨ ਦੇਸ ਦੇ ਦੱਖਣ ਵੱਲ ਰਹਿੰਦਾ ਸੀ ਇਸਰਾਏਲੀਆਂ ਦੇ ਆਉਣ ਦੀ ਖ਼ਬਰ ਸੁਣੀ। ਅਤੇ ਉਨ੍ਹਾਂ ਨੇ ਹੋਰ ਪਰਬਤ ਤੋਂ ਕੂਚ ਕਰ ਕੇ ਸਲਮੋਨਾਹ ਵਿੱਚ ਡੇਰੇ ਲਾਏ। ਤਾਂ ਸਲਮੋਨਾਹ ਤੋਂ ਕੂਚ ਕਰ ਕੇ ਫ਼ੂਨੋਨ ਵਿੱਚ ਡੇਰੇ ਲਾਏ। ਤਾਂ ਫ਼ੂਨੋਨ ਤੋਂ ਕੂਚ ਕਰ ਕੇ ਓਬੋਥ ਵਿੱਚ ਡੇਰੇ ਲਾਏ। ਅਤੇ ਓਬੋਥ ਤੋਂ ਕੂਚ ਕਰ ਕੇ ਈਯੇਅਬਾਰੀਮ ਵਿੱਚ ਮੋਆਬ ਦੀ ਸਰਹੱਦ ਉੱਤੇ ਡੇਰੇ ਲਾਏ। ਤਾਂ ਈਯੇ ਤੋਂ ਕੂਚ ਕਰ ਕੇ ਦੀਬੋਨ ਗਾਦ ਵਿੱਚ ਡੇਰੇ ਲਾਏ। ਅਤੇ ਦੀਬੋਨ ਗਾਦ ਤੋਂ ਕੂਚ ਕਰ ਕੇ ਅਲਮੋਨ-ਦਿਬਲਾਤੈਮਾਹ ਵਿੱਚ ਡੇਰੇ ਲਾਏ। ਅਤੇ ਅਲਮੋਨ-ਦਿਬਲਾਤੈਮਾਹ ਤੋਂ ਕੂਚ ਕਰ ਕੇ ਅਬਾਰੀਮ ਦੇ ਪਹਾੜਾਂ ਵਿੱਚ ਨਬੋ ਦੇ ਅੱਗੇ ਡੇਰੇ ਲਾਏ। ਅਬਾਰੀਮ ਦੇ ਪਹਾੜਾਂ ਤੋਂ ਕੂਚ ਕਰ ਕੇ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਡੇਰੇ ਲਾਏ। ਅਤੇ ਉਨ੍ਹਾਂ ਨੇ ਯਰਦਨ ਉੱਤੇ ਬੈਤ ਯਸ਼ਿਮੋਥ ਤੋਂ ਆਬੇਲ-ਸ਼ਿੱਟੀਮ ਤੱਕ ਮੋਆਬ ਦੇ ਮੈਦਾਨ ਵਿੱਚ ਡੇਰੇ ਲਾਏ। ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਯਹੋਵਾਹ ਨੇ ਮੂਸਾ ਨੂੰ ਆਖਿਆ, ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਯਰਦਨ ਦੇ ਪਾਰ ਕਨਾਨ ਦੇਸ ਵਿੱਚ ਪਹੁੰਚੋ ਤਾਂ ਤੁਸੀਂ ਉਸ ਦੇਸ ਦੇ ਸਾਰੇ ਵਸਨੀਕਾਂ ਨੂੰ ਆਪਣੇ ਅੱਗਿਓਂ ਕੱਢ ਦਿਓ, ਨਾਲੇ ਉਨ੍ਹਾਂ ਦੇ ਸਾਰੇ ਘੜ੍ਹੇ ਹੋਏ ਪੱਥਰਾਂ, ਢਾਲ਼ੇ ਹੋਏ ਬੁੱਤਾਂ ਨੂੰ ਅਤੇ ਉਨ੍ਹਾਂ ਦੇ ਪੂਜਾ ਦੇ ਉੱਚੇ ਸਥਾਨਾਂ ਨੂੰ ਢਾਹ ਸੁੱਟੋ। ਅਤੇ ਤੁਸੀਂ ਉਸ ਦੇਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵੱਸੋ ਕਿਉਂ ਜੋ ਮੈਂ ਉਹ ਦੇਸ ਤੁਹਾਨੂੰ ਦਿੱਤਾ ਹੈ ਕਿ ਤੁਸੀਂ ਉਸ ਉੱਤੇ ਕਬਜ਼ਾ ਕਰੋ। ਤੁਸੀਂ ਪਰਚੀਆਂ ਪਾ ਕੇ ਉਸ ਦੇਸ ਨੂੰ ਆਪਣੇ ਟੱਬਰਾਂ ਅਨੁਸਾਰ ਵੰਡ ਲਓ। ਬਹੁਤਿਆਂ ਨੂੰ ਤੁਸੀਂ ਜ਼ਿਆਦਾ ਜ਼ਮੀਨ ਦਿਓ ਅਤੇ ਥੋੜ੍ਹਿਆਂ ਨੂੰ ਘੱਟ ਜ਼ਮੀਨ ਦਿਓ। ਜਿੱਥੇ ਕਿਸੇ ਦੀ ਪਰਚੀ ਨਿੱਕਲੇ ਉੱਥੇ ਉਸ ਦੀ ਜ਼ਮੀਨ ਹੋਵੇ। ਆਪਣੇ ਪੁਰਖਿਆਂ ਦਿਆਂ ਗੋਤਾਂ ਅਨੁਸਾਰ ਤੁਸੀਂ ਆਪਣੀ ਜ਼ਮੀਨ ਵੰਡ ਲਿਓ। ਪਰ ਜੇ ਤੁਸੀਂ ਉਸ ਦੇਸ ਦੇ ਵਸਨੀਕਾਂ ਨੂੰ ਆਪਣੇ ਅੱਗੋਂ ਨਾ ਕੱਢੋ ਤਾਂ ਅਜਿਹਾ ਹੋਵੇਗਾ ਕਿ ਉਹ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਅੱਖਾਂ ਵਿੱਚ ਰੜਕਣਗੇ ਅਤੇ ਤੁਹਾਡੀਆਂ ਪਸਲੀਆਂ ਵਿੱਚ ਕੰਡੇ ਹੋਣਗੇ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਜਿੱਥੇ ਤੁਸੀਂ ਵੱਸਦੇ ਹੋ ਦੁੱਖ ਦੇਣਗੇ। ਤਾਂ ਅਜਿਹਾ ਹੋਵੇਗਾ ਕਿ ਜਿਵੇਂ ਮੈਂ ਉਨ੍ਹਾਂ ਨਾਲ ਕਰਨ ਦਾ ਮਨ ਬਣਾਇਆ ਹੈ ਉਹ ਹੀ ਤੁਹਾਡੇ ਨਾਲ ਕਰਾਂਗਾ!