ਬਿਵਸਥਾ. 14. ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪੁੱਤਰ ਹੋ। ਇਸ ਲਈ ਤੁਸੀਂ ਨਾ ਤਾਂ ਮੁਰਦਿਆਂ ਦੇ ਕਾਰਨ ਆਪਣੇ ਆਪ ਨੂੰ ਚੀਰਨਾ ਅਤੇ ਨਾ ਹੀ ਆਪਣੇ ਭਰਵੱਟਿਆਂ ਦਾ ਭੱਦਣ ਕਰਾਇਓ ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਕ ਪਵਿੱਤਰ ਪਰਜਾ ਹੋ ਅਤੇ ਯਹੋਵਾਹ ਨੇ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਆਪਣੀ ਨਿੱਜ-ਪਰਜਾ ਹੋਣ ਲਈ ਚੁਣ ਲਿਆ ਹੈ। ਤੁਸੀਂ ਕਿਸੇ ਘਿਣਾਉਣੀ ਚੀਜ਼ ਨੂੰ ਨਾ ਖਾਇਓ। ਜਿਨ੍ਹਾਂ ਪਸ਼ੂਆਂ ਨੂੰ ਤੁਸੀਂ ਖਾ ਸਕਦੇ ਹੋ, ਉਹ ਇਹ ਹਨ ਅਰਥਾਤ ਬਲ਼ਦ, ਭੇਡ, ਬੱਕਰੀ ਹਿਰਨ, ਚਿਕਾਰਾ, ਲਾਲ ਹਿਰਨ, ਜੰਗਲੀ ਬੱਕਰਾ, ਸਾਂਬਰ, ਜੰਗਲੀ ਸਾਨ੍ਹ ਅਤੇ ਪਹਾੜੀ ਭੇਡ। ਪਸ਼ੂਆਂ ਵਿੱਚੋਂ ਹਰੇਕ ਪਸ਼ੂ ਜਿਸ ਦੇ ਖੁਰ ਪਾਟੇ ਹੋਏ ਹੋਣ ਅਰਥਾਤ ਖੁਰਾਂ ਦੇ ਦੋ ਵੱਖ-ਵੱਖ ਹਿੱਸੇ ਹੋਣ ਅਤੇ ਜੁਗਾਲੀ ਕਰਨ ਵਾਲਾ ਹੋਵੇ, ਉਹ ਤੁਸੀਂ ਖਾ ਸਕਦੇ ਹੋ। ਫੇਰ ਵੀ ਤੁਸੀਂ ਇਨ੍ਹਾਂ ਪਸ਼ੂਆਂ ਵਿੱਚੋਂ ਨਾ ਖਾਇਓ ਭਾਵੇਂ ਇਹ ਜੁਗਾਲੀ ਕਰਦੇ ਹੋਣ ਜਾਂ ਇਨ੍ਹਾਂ ਦੇ ਖੁਰ ਪਾਟੇ ਹੋਣ ਅਰਥਾਤ ਊਠ, ਖਰਗੋਸ਼ ਅਤੇ ਪਹਾੜੀ ਖਰਗੋਸ਼, ਕਿਉਂ ਜੋ ਇਹ ਜੁਗਾਲੀ ਤਾਂ ਕਰਦੇ ਹਨ ਪਰ ਇਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ ਹੁੰਦੇ, ਇਹ ਤੁਹਾਡੇ ਲਈ ਅਸ਼ੁੱਧ ਹਨ, ਸੂਰ, ਕਿਉਂਕਿ ਇਸ ਦੇ ਖੁਰ ਤਾਂ ਪਾਟੇ ਹੋਏ ਹਨ ਪਰ ਇਹ ਜੁਗਾਲੀ ਨਹੀਂ ਕਰਦਾ, ਇਹ ਤੁਹਾਡੇ ਲਈ ਅਸ਼ੁੱਧ ਹੈ, ਤੁਸੀਂ ਨਾ ਤਾਂ ਇਨ੍ਹਾਂ ਦਾ ਮਾਸ ਖਾਣਾ ਅਤੇ ਨਾ ਇਨ੍ਹਾਂ ਦੀ ਲੋਥ ਨੂੰ ਛੂਹਣਾ। ਜਿੰਨ੍ਹੇ ਜਲ-ਜੰਤੂ ਹਨ ਉਨ੍ਹਾਂ ਵਿੱਚੋਂ ਤੁਸੀਂ ਇਨ੍ਹਾਂ ਨੂੰ ਖਾ ਸਕਦੇ ਹੋ ਅਰਥਾਤ ਜਿਨ੍ਹਾਂ ਦੇ ਖੰਭ ਅਤੇ ਚਾਨੇ ਹੋਣ। ਪਰ ਜਿਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਉਹ ਤੁਸੀਂ ਨਾ ਖਾਇਓ। ਉਹ ਤੁਹਾਡੇ ਲਈ ਅਸ਼ੁੱਧ ਹਨ। ਸਾਰੇ ਪਵਿੱਤਰ ਪੰਛੀ ਤੁਸੀਂ ਖਾ ਸਕਦੇ ਹੋ। ਪਰ ਇਨ੍ਹਾਂ ਨੂੰ ਤੁਸੀਂ ਨਾ ਖਾਇਓ ਅਰਥਾਤ ਉਕਾਬ, ਗਿੱਧ, ਮੱਛੀ ਮਾਰ, ਇੱਲ, ਲਗੜ ਅਤੇ ਗਿਰਝ ਉਸ ਦੀ ਪ੍ਰਜਾਤੀ ਅਨੁਸਾਰ, ਹਰ ਇੱਕ ਪ੍ਰਕਾਰ ਦੇ ਕਾਂ ਉਸ ਦੀ ਪ੍ਰਜਾਤੀ ਅਨੁਸਾਰ, ਸ਼ੁਤਰਮੁਰਗ, ਬਿਲ ਬਤੌਰੀ, ਕੋਇਲ ਅਤੇ ਬਾਜ਼ ਉਸ ਦੀ ਪ੍ਰਜਾਤੀ ਅਨੁਸਾਰ, ਨਿੱਕਾ ਉੱਲੂ ਅਤੇ ਵੱਡਾ ਉੱਲੂ ਅਤੇ ਕੰਨਾਂ ਵਾਲੇ ਉੱਲੂ, ਹਵਾਸਿਲ, ਗਿਰਝ, ਮਾਹੀ ਗੀਰ, ਲਮਢੀਂਗ ਅਤੇ ਬਗਲਾ ਉਸ ਦੀ ਪ੍ਰਜਾਤੀ ਅਨੁਸਾਰ, ਚੱਕੀ ਰਾਹ ਅਤੇ ਚਮਗਾਦੜ, ਅਤੇ ਸਾਰੇ ਘਿਸਰਨ ਵਾਲੇ ਪੰਖੇਰੂ, ਉਹ ਤੁਹਾਡੇ ਲਈ ਅਸ਼ੁੱਧ ਹਨ, ਉਹ ਨਾ ਖਾਧੇ ਜਾਣ। ਪਰ ਸਾਰੇ ਸ਼ੁੱਧ ਪੰਖੇਰੂ ਤੁਸੀਂ ਖਾ ਸਕਦੇ ਹੋ। ਜੋ ਆਪਣੇ ਆਪ ਮਰ ਜਾਵੇ, ਉਸ ਨੂੰ ਤੁਸੀਂ ਨਾ ਖਾਇਓ। ਇਹ ਤੁਸੀਂ ਉਸ ਪਰਦੇਸੀ ਨੂੰ ਖਾਣ ਲਈ ਦੇ ਸਕਦੇ ਹੋ ਜਿਹੜਾ ਤੁਹਾਡੇ ਫਾਟਕ ਦੇ ਅੰਦਰ ਹੈ ਜਾਂ ਉਸ ਨੂੰ ਕਿਸੇ ਪਰਾਏ ਕੋਲ ਵੇਚ ਸਕਦੇ ਹੋ, ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤਰ ਪਰਜਾ ਹੋ। ਤੁਸੀਂ ਮੇਮਣੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲਿਓ। ਤੁਸੀਂ ਜ਼ਰੂਰ ਹੀ ਆਪਣੇ ਬੀਜ ਦੀ ਸਾਰੀ ਪੈਦਾਵਾਰ ਦਾ ਦਸਵੰਧ ਦਿਓ, ਜਿਹੜੀ ਖੇਤ ਵਿੱਚੋਂ ਸਾਲ ਦੇ ਸਾਲ ਨਿੱਕਲਦੀ ਹੈ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਵਿੱਚ ਜਿਹੜਾ ਉਹ ਆਪਣਾ ਨਾਮ ਵਸਾਉਣ ਲਈ ਚੁਣੇਗਾ ਆਪਣੇ ਅੰਨ, ਆਪਣੀ ਨਵੀਂ ਮਧ ਅਤੇ ਆਪਣੇ ਤੇਲ ਦੇ ਦਸਵੰਧ ਨੂੰ ਅਤੇ ਆਪਣੇ ਇੱਜੜ ਤੇ ਆਪਣੇ ਚੌਣੇ ਦੇ ਪਹਿਲੌਠਿਆਂ ਨੂੰ ਖਾਇਓ, ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਸਦਾ ਤੱਕ ਮੰਨਣਾ ਸਿੱਖੋ। ਜੇਕਰ ਉਹ ਸਥਾਨ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਬਹੁਤ ਦੂਰ ਹੋਵੇ, ਅਤੇ ਉੱਥੋਂ ਦਾ ਰਾਹ ਤੁਹਾਡੇ ਲਈ ਅਜਿਹਾ ਲੰਮਾ ਹੋਵੇ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਰਕਤ ਨਾਲ ਮਿਲੀਆਂ ਵਸਤੂਆਂ ਉੱਥੇ ਲੈ ਕੇ ਜਾ ਨਾ ਸਕੋ, ਤਾਂ ਤੁਸੀਂ ਉਹ ਨੂੰ ਚਾਂਦੀ ਨਾਲ ਬਦਲ ਕੇ, ਉਸ ਚਾਂਦੀ ਨੂੰ ਆਪਣੇ ਹੱਥ ਵਿੱਚ ਬੰਨ੍ਹ ਲਿਓ ਅਤੇ ਉਸ ਸਥਾਨ ਨੂੰ ਜਾਇਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ, ਤੁਸੀਂ ਉਸ ਚਾਂਦੀ ਨਾਲ ਗਾਂ-ਬਲ਼ਦ, ਭੇਡ, ਦਾਖਰਸ, ਮਧ ਜਾਂ ਕੋਈ ਵੀ ਵਸਤੂ ਜਿਸ ਲਈ ਤੁਹਾਡਾ ਜੀ ਲੋਚੇ, ਮੁੱਲ ਲੈ ਲਿਓ ਅਤੇ ਉਸ ਨੂੰ ਤੁਸੀਂ ਆਪਣੇ ਘਰਾਣੇ ਸਮੇਤ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖਾਇਓ ਅਤੇ ਅਨੰਦ ਕਰਿਓ। ਤੁਸੀਂ ਉਸ ਲੇਵੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਭੁੱਲ ਨਾ ਜਾਇਓ, ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਭਾਗ ਜਾਂ ਵਿਰਾਸਤ ਨਹੀਂ ਹੈ। ਹਰੇਕ ਤਿੰਨ ਸਾਲ ਦੇ ਅੰਤ ਵਿੱਚ ਤੁਸੀਂ ਤੀਜੇ ਸਾਲ ਦੀ ਆਪਣੀ ਪੈਦਾਵਾਰ ਦਾ ਸਾਰਾ ਦਸਵੰਧ ਲਿਆ ਕੇ ਆਪਣੇ ਫਾਟਕਾਂ ਦੇ ਅੰਦਰ ਰੱਖਿਓ, ਤਦ ਲੇਵੀ, ਜਿਸ ਦਾ ਤੁਹਾਡੇ ਨਾਲ ਕੋਈ ਭਾਗ ਜਾਂ ਵਿਰਾਸਤ ਨਹੀਂ ਹੈ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਜੋ ਤੁਹਾਡੇ ਫਾਟਕਾਂ ਦੇ ਅੰਦਰ ਹੋਣ, ਆ ਕੇ ਖਾਣ ਅਤੇ ਰੱਜਣ, ਤਾਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇ।