ਬਿਵਸਥਾ. 16. ਅਬੀਬ ਦੇ ਮਹੀਨੇ ਨੂੰ ਯਾਦ ਰੱਖ ਕੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਸਾਹ ਮਨਾਇਆ ਕਰੋ, ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਸਰ ਤੋਂ ਰਾਤ ਦੇ ਸਮੇਂ ਕੱਢ ਲਿਆਇਆ ਸੀ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਆਪਣੇ ਚੌਣੇ ਅਤੇ ਇੱਜੜ ਵਿੱਚੋਂ ਪਸ਼ੂ ਉਸ ਸਥਾਨ ਵਿੱਚ ਪਸਾਹ ਕਰਕੇ ਚੜ੍ਹਾਇਓ, ਜਿਹੜਾ ਯਹੋਵਾਹ ਆਪਣਾ ਨਾਮ ਵਸਾਉਣ ਲਈ ਚੁਣੇਗਾ। ਤੁਸੀਂ ਉਹ ਦੇ ਨਾਲ ਖ਼ਮੀਰ ਨਾ ਖਾਇਓ। ਤੁਸੀਂ ਸੱਤ ਦਿਨ ਤੱਕ ਪਤੀਰੀ ਰੋਟੀ ਜਿਹੜੀ ਦੁੱਖ ਦੀ ਰੋਟੀ ਹੈ, ਉਹ ਦੇ ਨਾਲ ਖਾਇਓ ਕਿਉਂ ਜੋ ਤੁਸੀਂ ਮਿਸਰ ਦੇਸ਼ ਤੋਂ ਜਲਦਬਾਜ਼ੀ ਵਿੱਚ ਨਿੱਕਲੇ ਸੀ। ਸੱਤ ਦਿਨਾਂ ਤੱਕ ਕੋਈ ਖ਼ਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਨਾ ਵੇਖਿਆ ਜਾਵੇ, ਅਤੇ ਜੋ ਪਸ਼ੂ ਪਹਿਲੇ ਦਿਨ ਦੀ ਸ਼ਾਮ ਨੂੰ ਤੁਸੀਂ ਬਲੀ ਕਰਕੇ ਚੜ੍ਹਾਓ ਉਸ ਦੇ ਮਾਸ ਵਿੱਚੋਂ ਸਵੇਰ ਤੱਕ ਕੁਝ ਬਾਕੀ ਨਾ ਰਹੇ। ਤੁਸੀਂ ਪਸਾਹ ਨੂੰ ਆਪਣੇ ਕਿਸੇ ਫਾਟਕ ਦੇ ਅੰਦਰ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਬਲੀ ਕਰਕੇ ਨਾ ਚੜ੍ਹਾਇਓ, ਪਰੰਤੂ ਉਸ ਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਉੱਥੇ ਤੁਸੀਂ ਸ਼ਾਮ ਨੂੰ ਪਸਾਹ ਚੜ੍ਹਾਇਓ, ਜਦ ਸੂਰਜ ਡੁੱਬ ਰਿਹਾ ਹੋਵੇ ਅਤੇ ਸਾਲ ਦੇ ਉਸੇ ਸਮੇਂ ਵਿੱਚ ਜਦ ਤੁਸੀਂ ਮਿਸਰ ਤੋਂ ਨਿੱਕਲੇ ਸੀ। ਤੁਸੀਂ ਉਸਦਾ ਮਾਸ ਭੁੰਨ ਕੇ ਉਸੇ ਸਥਾਨ ਵਿੱਚ ਖਾਇਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ, ਫੇਰ ਸਵੇਰ ਨੂੰ ਤੁਸੀਂ ਆਪਣੇ ਤੰਬੂਆਂ ਨੂੰ ਮੁੜ ਆਇਓ। ਛੇ ਦਿਨ ਤੱਕ ਤੁਸੀਂ ਪਤੀਰੀ ਰੋਟੀ ਖਾਇਓ ਅਤੇ ਸੱਤਵੇਂ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਮਹਾਂ ਸਭਾ ਹੋਵੇ, ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਿਓ। ਜਦ ਤੋਂ ਤੁਸੀਂ ਆਪਣੀ ਖੜ੍ਹੀ ਫ਼ਸਲ ਨੂੰ ਦਾਤੀ ਲਾਉਣ ਲੱਗੋ, ਉਸ ਸਮੇਂ ਤੋਂ ਸ਼ੁਰੂ ਕਰਕੇ ਤੁਸੀਂ ਸੱਤ ਹਫ਼ਤੇ ਗਿਣ ਲਿਓ। ਤਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਰਕਤ ਦੇ ਅਨੁਸਾਰ ਉਸ ਦੇ ਲਈ ਆਪਣੀ ਖੁਸ਼ੀ ਦੀ ਭੇਟ ਦੇ ਨਜ਼ਰਾਨੇ ਦੇ ਕੇ ਹਫ਼ਤਿਆਂ ਦਾ ਪਰਬ ਮਨਾਇਓ। ਉਸ ਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਉੱਥੇ ਤੁਸੀਂ, ਤੁਹਾਡਾ ਪੁੱਤਰ, ਤੁਹਾਡੀ ਧੀ, ਤੁਹਾਡਾ ਦਾਸ, ਤੁਹਾਡੀ ਦਾਸੀ, ਅਤੇ ਉਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੋਵੇ, ਪਰਦੇਸੀ, ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਕੋਲ ਹੋਣ, ਤੁਸੀਂ ਸਾਰੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਅਨੰਦ ਕਰਿਓ। ਯਾਦ ਰੱਖਿਓ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ, ਇਸ ਲਈ ਤੁਸੀਂ ਇਨ੍ਹਾਂ ਬਿਧੀਆਂ ਨੂੰ ਮੰਨਿਓ ਅਤੇ ਪੂਰਾ ਕਰਿਓ। ਜਦ ਤੁਸੀਂ ਆਪਣੇ ਪਿੜ ਅਤੇ ਦਾਖਰਸ ਦੇ ਕੋਹਲੂ ਤੋਂ ਆਪਣਾ ਮਾਲ ਇਕੱਠਾ ਕਰ ਲਿਆ ਹੋਵੇ, ਤਦ ਤੁਸੀਂ ਸੱਤ ਦਿਨਾਂ ਤੱਕ ਡੇਰਿਆਂ ਦਾ ਪਰਬ ਮਨਾਇਓ। ਆਪਣੇ ਇਸ ਪਰਬ ਵਿੱਚ ਤੁਸੀਂ, ਤੁਹਾਡਾ ਪੁੱਤਰ, ਤੁਹਾਡੀ ਧੀ, ਤੁਹਾਡਾ ਦਾਸ, ਤੁਹਾਡੀ ਦਾਸੀ, ਅਤੇ ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ, ਤੁਸੀਂ ਸਾਰੇ ਅਨੰਦ ਕਰਿਓ। ਤੁਸੀਂ ਉਸ ਸਥਾਨ ਵਿੱਚ ਜਿਹੜਾ ਯਹੋਵਾਹ ਚੁਣੇਗਾ, ਸੱਤ ਦਿਨਾਂ ਤੱਕ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਰਬ ਮਨਾਇਓ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਵਾਧੇ ਵਿੱਚ ਅਤੇ ਤੁਹਾਡੇ ਹੱਥ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇਗਾ, ਇਸ ਲਈ ਤੁਸੀਂ ਪੂਰਾ ਅਨੰਦ ਕਰਿਓ। ਸਾਲ ਵਿੱਚ ਤਿੰਨ ਵਾਰੀ, ਤੁਹਾਡੇ ਸਾਰੇ ਪੁਰਖ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਵਿੱਚ ਹਾਜ਼ਰ ਹੋਣ ਜਿਹੜਾ ਉਹ ਚੁਣੇਗਾ, ਅਰਥਾਤ ਪਤੀਰੀ ਰੋਟੀ ਦੇ ਪਰਬ, ਡੇਰਿਆਂ ਦੇ ਪਰਬ ਅਤੇ ਹਫ਼ਤਿਆਂ ਦੇ ਪਰਬ ਦੇ ਸਮੇਂ। ਉਹ ਖਾਲੀ ਹੱਥ ਯਹੋਵਾਹ ਦੇ ਸਨਮੁਖ ਹਾਜ਼ਰ ਨਾ ਹੋਣ। ਹਰੇਕ ਪੁਰਖ ਆਪਣੇ-ਆਪਣੇ ਵਿੱਤ ਅਨੁਸਾਰ ਅਤੇ ਉਸ ਬਰਕਤ ਦੇ ਅਨੁਸਾਰ ਦੇਵੇ, ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ। ਤੁਸੀਂ ਆਪਣੇ ਸਾਰੇ ਫਾਟਕਾਂ ਦੇ ਅੰਦਰ ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਗੋਤਾਂ ਅਨੁਸਾਰ ਆਪਣੇ ਲਈ ਨਿਆਈਂ ਅਤੇ ਪ੍ਰਧਾਨ ਨਿਯੁਕਤ ਕਰ ਲਿਓ ਅਤੇ ਉਹ ਧਰਮ ਨਾਲ ਪਰਜਾ ਦਾ ਨਿਆਂ ਕਰਨ। ਤੁਸੀਂ ਨਿਆਂ ਨੂੰ ਨਾ ਵਿਗਾੜਿਓ। ਤੁਸੀਂ ਕਿਸੇ ਦਾ ਪੱਖਪਾਤ ਨਾ ਕਰਿਓ। ਰਿਸ਼ਵਤ ਨਾ ਖਾਓ, ਕਿਉਂ ਜੋ ਰਿਸ਼ਵਤ ਬੁੱਧਵਾਨ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ। ਤੁਸੀਂ ਧਰਮ ਦੇ ਹੀ ਪਿੱਛੇ ਚੱਲੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਉਸ ਦੇਸ਼ ਉੱਤੇ ਅਧਿਕਾਰ ਕਰੋ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਦੇ ਕੋਲ ਜਿਹੜੀ ਤੁਸੀਂ ਬਣਾਉਗੇ, ਕਿਸੇ ਵੀ ਰੁੱਖ ਦੀ ਲੱਕੜ ਨਾਲ ਬਣੀ ਹੋਏ ਅਸ਼ੇਰਾਹ ਦੀ ਸਥਾਪਨਾ ਨਾ ਕਰਿਓ, ਤੁਸੀਂ ਆਪਣੇ ਲਈ ਕੋਈ ਥੰਮ੍ਹ ਖੜ੍ਹਾ ਨਾ ਕਰਿਓ, ਜਿਸ ਤੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਘਿਰਣਾ ਕਰਦਾ ਹੈ।