ਅੱਯੂਬ. 4. ਤਦ ਅਲੀਫਾਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ, “ਜੇ ਕੋਈ ਤੇਰੇ ਨਾਲ ਗੱਲ ਕਰਨ ਦੀ ਦਲੇਰੀ ਕਰੇ, ਤਾਂ ਕੀ ਤੂੰ ਬੁਰਾ ਮੰਨੇਗਾ? ਪਰ ਬੋਲਣ ਤੋਂ ਕੌਣ ਆਪਣੇ ਆਪ ਨੂੰ ਰੋਕ ਸਕਦਾ ਹੈ? ਵੇਖ, ਤੂੰ ਬਹੁਤਿਆਂ ਨੂੰ ਸਿਖਾਇਆ, ਅਤੇ ਢਿੱਲੇ ਹੱਥਾਂ ਨੂੰ ਤੂੰ ਤਕੜਾ ਕੀਤਾ। ਤੇਰੀਆਂ ਗੱਲਾਂ ਨੇ ਡਗਮਗਾਉਂਦੇ ਨੂੰ ਥੰਮਿਆ, ਅਤੇ ਤੂੰ ਕੰਬਦੇ ਗੋਡਿਆਂ ਨੂੰ ਮਜ਼ਬੂਤ ਕੀਤਾ, ਪਰ ਹੁਣ ਬਿਪਤਾ ਤੇਰੇ ਉੱਤੇ ਆ ਪਈ ਅਤੇ ਤੂੰ ਨਿਰਾਸ਼ ਹੋ ਗਿਆ ਹੈਂ, ਉਹ ਨੇ ਤੈਨੂੰ ਛੂਹਿਆ ਅਤੇ ਤੂੰ ਘਬਰਾ ਉੱਠਿਆ। ਭਲਾ, ਪਰਮੇਸ਼ੁਰ ਦਾ ਡਰ ਤੇਰਾ ਆਸਰਾ ਨਹੀਂ ਹੈ? ਅਤੇ ਤੇਰੇ ਰਾਹਾਂ ਦੀ ਖਰਿਆਈ ਤੇਰੀ ਆਸ ਨਹੀਂ? “ਇਸ ਉੱਤੇ ਵਿਚਾਰ ਕਰ, ਕੀ ਕੋਈ ਨਿਰਦੋਸ਼ ਕਦੇ ਨਾਸ ਹੋਇਆ ਹੈ, ਜਾਂ ਨੇਕ ਜਨ ਕਦੇ ਮਿਟਾਏ ਗਏ? ਮੇਰੇ ਵੇਖਣ ਵਿੱਚ ਤਾਂ ਜੋ ਪਾਪ ਅਤੇ ਦੁੱਖ ਦਾ ਬੀਜ ਬੀਜਦੇ ਹਨ, ਉਹੋ ਉਸ ਨੂੰ ਵੱਢਦੇ ਹਨ। ਪਰਮੇਸ਼ੁਰ ਦੇ ਸਾਹ ਨਾਲ ਉਹ ਨਾਸ ਹੋ ਜਾਂਦੇ, ਅਤੇ ਉਹ ਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ ਜਾਂਦੇ ਹਨ। ਬੱਬਰ ਸ਼ੇਰ ਦਾ ਗੱਜਣਾ ਅਤੇ ਘਾਤਕ ਸ਼ੇਰ ਦਾ ਦਹਾੜਨਾ ਬੰਦ ਹੋ ਜਾਂਦਾ ਹੈ, ਅਤੇ ਜੁਆਨ ਸ਼ੇਰਾਂ ਦੇ ਦੰਦ ਭੰਨੇ ਜਾਂਦੇ ਹਨ। ਬੁੱਢਾ ਸ਼ੇਰ ਸ਼ਿਕਾਰ ਦੀ ਥੁੜ ਕਾਰਨ ਨਾਸ ਹੋ ਜਾਂਦਾ ਹੈ, ਅਤੇ ਸ਼ੇਰਨੀ ਦੇ ਬੱਚੇ ਖਿੰਡ-ਪੁੰਡ ਜਾਂਦੇ ਹਨ। “ਇੱਕ ਗੱਲ ਚੋਰੀ-ਛੁੱਪੇ ਮੇਰੇ ਕੋਲ ਪਹੁੰਚਾਈ ਗਈ, ਅਤੇ ਉਹ ਦੀ ਭਣਕ ਮੇਰੇ ਕੰਨਾਂ ਵਿੱਚ ਆਈ, ਰਾਤ ਦੇ ਸੁਫਨਿਆਂ ਦੀਆਂ ਚਿੰਤਾਵਾਂ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਪੈਂਦੀ ਹੈ, ਡਰ ਅਤੇ ਕਾਂਬਾ ਮੇਰੇ ਉੱਤੇ ਆ ਪਏ, ਜਿਨ੍ਹਾਂ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਹਿਲਾ ਦਿੱਤਾ! ਇੱਕ ਰੂਹ ਮੇਰੇ ਮੂੰਹ ਅੱਗੋਂ ਦੀ ਲੰਘੀ, ਮੇਰੇ ਸਰੀਰ ਦੀ ਲੂਈਂ ਖੜ੍ਹੀ ਹੋ ਗਈ! ਉਹ ਖੜ੍ਹੀ ਹੋ ਗਈ ਪਰ ਮੈਂ ਉਹ ਦੀ ਸ਼ਕਲ ਪਛਾਣ ਨਾ ਸਕਿਆ, ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ, ਪਹਿਲਾਂ ਖ਼ਾਮੋਸ਼ੀ ਰਹੀ, ਫੇਰ ਮੈਂ ਇੱਕ ਅਵਾਜ਼ ਸੁਣੀ। ਕੀ ਨਾਸਵਾਨ ਮਨੁੱਖ ਪਰਮੇਸ਼ੁਰ ਨਾਲੋਂ ਜ਼ਿਆਦਾ ਧਰਮੀ ਹੈ, ਜਾਂ ਕੀ ਇੱਕ ਮਨੁੱਖ ਆਪਣੇ ਸਿਰਜਣਹਾਰ ਨਾਲੋਂ ਜ਼ਿਆਦਾ ਪਵਿੱਤਰ ਹੈ? ਵੇਖ, ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ ਅਤੇ ਆਪਣੇ ਦੂਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ, ਤਾਂ ਫਿਰ ਉਹ ਕੀ ਹਨ ਜਿਹੜੇ ਕੱਚੇ ਘਰਾਂ ਵਿੱਚ ਵੱਸਦੇ ਹਨ, ਜਿਨ੍ਹਾਂ ਦੀਆਂ ਨੀਂਹਾਂ ਮਿੱਟੀ ਵਿੱਚ ਹਨ, ਜਿਹੜੇ ਪਤੰਗੇ ਦੀ ਤਰ੍ਹਾਂ ਪੀਹੇ ਜਾਂਦੇ ਹਨ। ਸਵੇਰ ਤੋਂ ਸ਼ਾਮ ਤੱਕ ਉਹ ਟੁੱਕੜੇ-ਟੁੱਕੜੇ ਹੋ ਜਾਂਦੇ ਹਨ, ਕੋਈ ਉਨ੍ਹਾਂ ਦਾ ਵਿਚਾਰ ਵੀ ਨਹੀਂ ਕਰਦਾ ਅਤੇ ਉਹ ਸਦਾ ਲਈ ਨਾਸ ਹੋ ਜਾਂਦੇ ਹਨ। ਕੀ ਉਨ੍ਹਾਂ ਦੇ ਤੰਬੂ ਦਾ ਕਿੱਲਾ ਉਨ੍ਹਾਂ ਦੇ ਵਿੱਚ ਪੁੱਟਿਆ ਨਹੀਂ ਜਾਂਦਾ? ਉਹ ਬੁੱਧ ਤੋਂ ਬਿਨ੍ਹਾਂ ਹੀ ਮਰ ਜਾਂਦੇ ਹਨ।”