ਅੱਯੂਬ. 14. “ਮਨੁੱਖ ਜੋ ਇਸਤਰੀ ਤੋਂ ਜੰਮਦਾ ਹੈ ਉਹ ਥੋੜ੍ਹੇ ਹੀ ਦਿਨਾਂ ਦਾ ਹੈ ਅਤੇ ਦੁੱਖ ਨਾਲ ਭਰਿਆ ਰਹਿੰਦਾ ਹੈ। ਉਹ ਫੁੱਲ ਵਾਂਗੂੰ ਖਿੜਦਾ, ਫੇਰ ਤੋੜਿਆ ਜਾਂਦਾ ਹੈ, ਉਹ ਪਰਛਾਵੇਂ ਵਾਂਗੂੰ ਢੱਲ਼ ਜਾਂਦਾ ਅਤੇ ਠਹਿਰਦਾ ਨਹੀਂ। ਕੀ ਤੂੰ ਅਜਿਹੇ ਉੱਤੇ ਆਪਣੀਆਂ ਅੱਖਾਂ ਲਾਉਂਦਾ ਹੈਂ, ਅਤੇ ਮੈਨੂੰ ਆਪਣੇ ਨਾਲ ਅਦਾਲਤ ਵਿੱਚ ਲਿਆਉਂਦਾ ਹੈਂ? ਕੌਣ ਅਸ਼ੁੱਧ ਵਿੱਚੋਂ ਸ਼ੁੱਧ ਵਸਤੂ ਕੱਢ ਸਕਦਾ ਹੈ? ਕੋਈ ਨਹੀਂ। ਮਨੁੱਖ ਦੇ ਦਿਨ ਠਹਿਰਾਏ ਹੋਏ ਹਨ, ਅਤੇ ਉਹ ਦੇ ਮਹੀਨਿਆਂ ਦੀ ਗਿਣਤੀ ਤੂੰ ਕੀਤੀ ਹੋਈ ਹੈ, ਤੂੰ ਉਹ ਦੀਆਂ ਹੱਦਾਂ ਨੂੰ ਬਣਾਇਆ ਜਿਸ ਨੂੰ ਉਹ ਪਾਰ ਨਹੀਂ ਕਰ ਸਕਦਾ। ਉਹ ਦੇ ਵੱਲੋਂ ਆਪਣੀ ਨਿਗਾਹ ਹਟਾ ਲੈ, ਤਾਂ ਜੋ ਉਹ ਅਰਾਮ ਕਰੇ, ਜਦ ਤੱਕ ਉਹ ਮਜ਼ਦੂਰ ਵਾਂਗੂੰ ਆਪਣੇ ਦਿਨ ਪੂਰੇ ਨਾ ਕਰ ਲਵੇ। “ਰੁੱਖ ਲਈ ਤਾਂ ਆਸ ਹੈ, ਕਿ ਜੇ ਉਹ ਕੱਟਿਆ ਜਾਵੇ ਤਾਂ ਫੇਰ ਫੁੱਟੇਗਾ, ਅਤੇ ਉਹ ਦੀਆਂ ਕੂੰਬਲਾਂ ਨਾ ਮੁੱਕਣਗੀਆਂ। ਭਾਵੇਂ ਉਸ ਦੀ ਜੜ੍ਹ ਧਰਤੀ ਵਿੱਚ ਪੁਰਾਣੀ ਪੈ ਜਾਵੇ, ਅਤੇ ਉਸ ਦਾ ਟੁੰਡ ਮਿੱਟੀ ਵਿੱਚ ਗਲ਼ ਜਾਵੇ ਤਾਂ ਵੀ ਪਾਣੀ ਦੀ ਖੁਸ਼ਬੂ ਤੋਂ ਉਹ ਦੀਆਂ ਕੂੰਬਲਾਂ ਫੁੱਟ ਨਿੱਕਲਣਗੀਆਂ ਅਤੇ ਬੂਟੇ ਵਾਂਗੂੰ ਉਹ ਦੀਆਂ ਟਹਿਣੀਆਂ ਨਿੱਕਲਣਗੀਆਂ। ਪਰ ਮਨੁੱਖ ਮਰ ਜਾਂਦਾ ਅਤੇ ਦੱਬਿਆ ਜਾਂਦਾ ਹੈ, ਅਤੇ ਜਦ ਮਨੁੱਖ ਪ੍ਰਾਣ ਛੱਡ ਦਿੰਦਾ ਹੈ ਤਾਂ ਉਹ ਕਿੱਥੇ ਹੈ? ਜਿਵੇਂ ਪਾਣੀ ਸਮੁੰਦਰ ਵਿੱਚੋਂ ਘੱਟ ਜਾਂਦਾ ਹੈ, ਅਤੇ ਦਰਿਆ ਸੁੱਕ ਕੇ ਮੁੱਕ ਜਾਂਦਾ ਹੈ, ਤਿਵੇਂ ਮਨੁੱਖ ਲੇਟਦਾ ਅਤੇ ਫਿਰ ਉੱਠਦਾ ਨਹੀਂ, ਜਦੋਂ ਤੱਕ ਅਕਾਸ਼ ਟਲ ਨਾ ਜਾਣ, ਉਹ ਨਾ ਜਾਗਣਗੇ, ਨਾ ਆਪਣੀ ਨੀਂਦ ਤੋਂ ਜਗਾਏ ਜਾਣਗੇ। “ਕਾਸ਼ ਕਿ ਤੂੰ ਮੈਨੂੰ ਅਧੋਲੋਕ ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛੁਪਾ ਰੱਖੇਂ ਜਦ ਤੱਕ ਤੇਰਾ ਕ੍ਰੋਧ ਨਾ ਹਟੇ, ਅਤੇ ਮੇਰੇ ਲਈ ਖ਼ਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਯਾਦ ਕਰੇਂ! ਜੇਕਰ ਮਨੁੱਖ ਮਰ ਜਾਵੇ ਤਾਂ ਕੀ ਉਹ ਫੇਰ ਜੀਵੇਗਾ? ਆਪਣੀ ਸਖ਼ਤ ਟਹਿਲ ਦੇ ਸਾਰੇ ਦਿਨਾਂ ਵਿੱਚ ਮੈਂ ਉਡੀਕ ਵਿੱਚ ਰਹਾਂਗਾ, ਜਦੋਂ ਤੱਕ ਮੇਰੀ ਵਾਰੀ ਨਾ ਆਵੇ। ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ। ਪਰ ਹੁਣ ਤੂੰ ਮੇਰੇ ਕਦਮਾਂ ਨੂੰ ਗਿਣਦਾ ਹੈਂ, ਕੀ ਤੂੰ ਮੇਰੇ ਪਾਪ ਉੱਤੇ ਨਜ਼ਰ ਨਹੀਂ ਰੱਖਦਾ? ਮੇਰਾ ਅਪਰਾਧ ਮੋਹਰ ਲੱਗੀ ਹੋਈ ਥੈਲੀ ਵਿੱਚ ਬੰਦ ਹੈ, ਅਤੇ ਤੂੰ ਮੇਰੀ ਬਦੀ ਨੂੰ ਸੀਉਂਕੇ ਰੱਖਿਆ ਹੋਇਆ ਹੈ। “ਪਰ ਪਰਬਤ ਡਿੱਗਦਾ-ਡਿੱਗਦਾ ਘਸ ਜਾਂਦਾ ਅਤੇ ਚੱਟਾਨ ਆਪਣੇ ਥਾਂ ਤੋਂ ਸਰਕ ਜਾਂਦੀ ਹੈ, ਪਾਣੀ ਪੱਥਰਾਂ ਨੂੰ ਘਸਾ ਦਿੰਦਾ ਹੈ, ਉਹ ਦਾ ਹੜ੍ਹ ਧਰਤੀ ਦੀ ਮਿੱਟੀ ਨੂੰ ਵਹਾ ਕੇ ਲੈ ਜਾਂਦਾ ਹੈ, ਇਸੇ ਤਰ੍ਹਾਂ ਤੂੰ ਮਨੁੱਖ ਦੀ ਆਸ ਨੂੰ ਮਿਟਾ ਦਿੰਦਾ ਹੈਂ। ਤੂੰ ਹਮੇਸ਼ਾਂ ਉਸ ਉੱਤੇ ਪਰਬਲ ਹੁੰਦਾ ਹੈ, ਅਤੇ ਉਹ ਚੱਲਿਆ ਜਾਂਦਾ ਹੈ, ਤੂੰ ਉਹ ਦਾ ਚਿਹਰਾ ਬਦਲ ਕੇ ਉਹ ਨੂੰ ਕੱਢ ਦਿੰਦਾ ਹੈਂ! ਉਹ ਦੇ ਪੁੱਤਰ ਸਨਮਾਨ ਪ੍ਰਾਪਤ ਕਰਦੇ ਹਨ, ਪਰ ਉਹ ਜਾਣਦਾ ਨਹੀਂ, ਉਹ ਹਲਕੇ ਪੈ ਜਾਂਦੇ ਹਨ ਪਰ ਉਹ ਉਨ੍ਹਾਂ ਦਾ ਹਾਲ ਨਹੀਂ ਸਮਝਦਾ ਉਸ ਨੂੰ ਸਿਰਫ਼ ਆਪਣੇ ਸਰੀਰ ਦਾ ਹੀ ਦੁੱਖ ਮਹਿਸੂਸ ਹੁੰਦਾ ਹੈ ਅਤੇ ਆਪਣੇ ਲਈ ਹੀ ਉਸ ਦੀ ਜਾਨ ਅੰਦਰ ਹੀ ਅੰਦਰ ਸੋਗ ਕਰਦੀ ਹੈ।”