ਅੱਯੂਬ. 17. “ਮੇਰਾ ਆਤਮਾ ਟੁੱਟ ਗਿਆ, ਮੇਰੇ ਦਿਨ ਮੁੱਕ ਗਏ, ਕਬਰ ਮੇਰੇ ਲਈ ਤਿਆਰ ਹੈ। ਨਿਸੰਗ ਮੇਰੇ ਕੋਲ ਠੱਠਾ ਕਰਨ ਵਾਲੇ ਹਨ, ਅਤੇ ਮੇਰੀ ਨਿਗਾਹ ਉਹਨਾਂ ਦੇ ਲੜਾਈ ਝਗੜੇ ਉੱਤੇ ਟਿਕੀ ਹੋਈ ਹੈ। “ਹੇ ਪਰਮੇਸ਼ੁਰ, ਜ਼ਮਾਨਤ ਦੇ, ਤੂੰ ਆਪਣੇ ਅਤੇ ਮੇਰੇ ਵਿੱਚ ਜ਼ਮਾਨਤੀ ਹੋ, ਕੌਣ ਹੈ ਜੋ ਮੇਰੇ ਹੱਥ ਉੱਤੇ ਹੱਥ ਧਰੇ? ਤੂੰ ਤਾਂ ਉਹਨਾਂ ਦਾ ਮਨ ਸਮਝ ਤੋਂ ਓਹਲੇ ਰੱਖਿਆ ਹੈ, ਇਸ ਲਈ ਤੂੰ ਉਹਨਾਂ ਨੂੰ ਪਰਬਲ ਨਾ ਹੋਣ ਦੇਵੇਂਗਾ। ਜਿਹੜਾ ਆਪਣੇ ਮਿੱਤਰ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ, ਉਹ ਦੇ ਬੱਚਿਆਂ ਦੀਆਂ ਅੱਖਾਂ ਅੰਨ੍ਹੀਆਂ ਹੋ ਜਾਣਗੀਆਂ। “ਪਰ ਪਰਮੇਸ਼ੁਰ ਨੇ ਮੈਨੂੰ ਲੋਕਾਂ ਲਈ ਮਿਹਣਾ ਬਣਾਇਆ, ਮੈਂ ਉਹ ਹਾਂ ਜਿਸ ਦੇ ਮੂੰਹ ਉੱਤੇ ਲੋਕ ਥੁੱਕਦੇ ਹਨ। ਮੇਰੀਆਂ ਅੱਖਾਂ ਸੋਗ ਦੇ ਕਾਰਨ ਧੁੰਦਲੀਆਂ ਹੋ ਗਈਆਂ ਹਨ, ਅਤੇ ਮੇਰੇ ਸਾਰੇ ਅੰਗ ਪਰਛਾਵੇਂ ਵਾਂਗੂੰ ਹੋ ਗਏ ਹਨ। ਨੇਕ ਲੋਕ ਇਹ ਵੇਖ ਕੇ ਹੈਰਾਨ ਹੁੰਦੇ ਹਨ, ਅਤੇ ਬੇਦੋਸ਼ੇ ਕੁਧਰਮੀਆਂ ਦੇ ਵਿਰੁੱਧ ਭੜਕ ਉੱਠਦੇ ਹਨ। ਪਰ ਧਰਮੀ ਆਪਣੇ ਰਾਹ ਤੇ ਲੱਗਾ ਰਹੇਗਾ, ਅਤੇ ਸਾਫ਼ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ। “ਪਰ ਤੁਸੀਂ ਸਾਰੇ ਹੀ ਯਤਨ ਨਾਲ ਮੁੜ ਕੇ ਆਓ, ਮੈਨੂੰ ਤੁਹਾਡੇ ਵਿੱਚ ਇੱਕ ਵੀ ਬੁੱਧੀਮਾਨ ਨਾ ਲੱਭੇਗਾ। ਮੇਰੇ ਜਿਉਣ ਦੇ ਦਿਨ ਤਾਂ ਬੀਤ ਗਏ, ਮੇਰੀਆਂ ਯੋਜਨਾਵਾਂ ਅਤੇ ਮੇਰੇ ਦਿਲ ਦੀਆਂ ਲੋਚਾਂ ਮਿਟ ਗਈਆਂ। ਮੇਰੇ ਮਿੱਤਰ ਰਾਤ ਨੂੰ ਦਿਨ ਠਹਿਰਾਉਂਦੇ ਅਤੇ ਆਖਦੇ ਹਨ ਕਿ ਚਾਨਣ ਹਨੇਰੇ ਦੇ ਕੋਲ ਹੀ ਹੈ। ਜੇਕਰ ਮੈਂ ਆਸ ਰੱਖਾਂ ਕਿ ਅਧੋਲੋਕ ਮੇਰਾ ਘਰ ਹੈਂ, ਜੇਕਰ ਮੈਂ ਹਨੇਰੇ ਵਿੱਚ ਆਪਣਾ ਬਿਸਤਰਾ ਵਿਛਾਵਾਂ, ਜੇ ਮੈਂ ਸੜਿਆਂਧ ਨੂੰ ਪੁਕਾਰਾਂ ਕਿ ਤੂੰ ਮੇਰਾ ਪਿਤਾ ਹੈਂ, ਅਤੇ ਕੀੜੇ ਨੂੰ ਕਿ ਤੂੰ ਮੇਰੀ ਮਾਂ ਅਤੇ ਮੇਰੀ ਭੈਣ ਹੈਂ, ਤਦ ਮੇਰੀ ਆਸ ਫੇਰ ਕਿੱਥੇ ਹੈ? ਕੌਣ ਮੇਰੇ ਲਈ ਆਸ ਵੇਖੇਗਾ? ਉਹ ਅਧੋਲੋਕ ਦੇ ਫਾਟਕਾਂ ਵਿੱਚ ਉਤਰ ਜਾਵੇਗੀ, ਜਦ ਅਸੀਂ ਇਕੱਠੇ ਖ਼ਾਕ ਵਿੱਚ ਅਰਾਮ ਪਾਵਾਂਗੇ।”