ਅੱਯੂਬ. 19. ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ, “ਤੁਸੀਂ ਕਦੋਂ ਤੱਕ ਮੇਰੀ ਜਾਨ ਨੂੰ ਸਤਾਓਗੇ, ਅਤੇ ਮੈਨੂੰ ਗੱਲਾਂ ਨਾਲ ਚੂਰ-ਚੂਰ ਕਰੋਗੇ? ਹੁਣ ਦਸ ਵਾਰ ਤੁਸੀਂ ਮੈਨੂੰ ਲੱਜਿਆਵਾਨ ਕੀਤਾ, ਤੁਸੀਂ ਸ਼ਰਮ ਨਹੀਂ ਕਰਦੇ ਜੋ ਤੁਸੀਂ ਮੇਰੇ ਨਾਲ ਸਖ਼ਤੀ ਕਰਦੇ ਹੋ? ਮੰਨ ਲਓ ਕਿ ਮੇਰੇ ਕੋਲੋਂ ਭੁੱਲ ਹੋਈ ਤਾਂ ਵੀ ਮੇਰੀ ਭੁੱਲ ਮੇਰੇ ਉੱਤੇ ਹੀ ਰਹੇਗੀ। ਜੇ ਤੁਸੀਂ ਸੱਚ-ਮੁੱਚ ਮੇਰੇ ਵਿਰੁੱਧ ਆਪਣੇ ਆਪ ਨੂੰ ਵਡਿਆਉਂਦੇ ਹੋ, ਅਤੇ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹਿਸ ਕਰਦੇ ਹੋ, ਤਾਂ ਹੁਣ ਜਾਣ ਲਓ ਕਿ ਪਰਮੇਸ਼ੁਰ ਹੀ ਨੇ ਮੈਨੂੰ ਝੁਕਾਇਆ ਹੈ, ਅਤੇ ਮੈਨੂੰ ਆਪਣੇ ਜਾਲ਼ ਵਿੱਚ ਫਸਾਇਆ ਹੈ।” ਵੇਖੋ ਮੈਂ “ਜ਼ੁਲਮ, ਜ਼ੁਲਮ!” ਪੁਕਾਰਦਾ ਹਾਂ, ਪਰ ਕੋਈ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਸਹਾਇਤਾ ਲਈ ਦੁਹਾਈ ਦਿੰਦਾ ਹਾਂ ਪਰ ਕੋਈ ਨਿਆਂ ਨਹੀਂ ਕਰਦਾ! ਉਹ ਨੇ ਮੇਰੇ ਰਾਹ ਨੂੰ ਬੰਦ ਕੀਤਾ ਤਾਂ ਜੋ ਮੈਂ ਲੰਘ ਨਾ ਸਕਾਂ, ਅਤੇ ਮੇਰੇ ਰਸਤਿਆਂ ਵਿੱਚ ਹਨ੍ਹੇਰਾ ਕਰ ਦਿੱਤਾ ਹੈ। ਉਹ ਨੇ ਮੇਰਾ ਪਰਤਾਪ ਮੇਰੇ ਉੱਤੋਂ ਲਾਹ ਲਿਆ, ਅਤੇ ਮੇਰੇ ਸਿਰ ਦਾ ਮੁਕਟ ਲੈ ਲਿਆ ਹੈ। ਉਹ ਨੇ ਮੈਨੂੰ ਚੌਂਹਾਂ ਪਾਸਿਆਂ ਤੋਂ ਤੋੜ ਸੁੱਟਿਆ, ਜਦੋਂ ਤੱਕ ਮੈਂ ਮੁੱਕ ਨਾ ਗਿਆ, ਅਤੇ ਮੇਰੀ ਆਸ ਨੂੰ ਰੁੱਖ ਵਾਂਗੂੰ ਪੁੱਟ ਸੁੱਟਿਆ ਹੈ। ਉਹ ਨੇ ਆਪਣੇ ਕ੍ਰੋਧ ਨੂੰ ਮੇਰੇ ਉੱਤੇ ਭੜਕਾਇਆ ਹੈ, ਅਤੇ ਮੈਨੂੰ ਆਪਣੇ ਵਿਰੋਧੀਆਂ ਵਿੱਚ ਗਿਣ ਲਿਆ ਹੈ! ਉਹ ਦੇ ਜੱਥੇ ਇਕੱਠੇ ਹੋ ਕੇ ਆਉਂਦੇ, ਅਤੇ ਮੇਰੇ ਵਿਰੁੱਧ ਆਪਣਾ ਰਾਹ ਤਿਆਰ ਕਰਦੇ ਹਨ, ਅਤੇ ਮੇਰੇ ਤੰਬੂ ਦੇ ਆਲੇ-ਦੁਆਲੇ ਡੇਰੇ ਲਾਉਂਦੇ ਹਨ। “ਉਸ ਨੇ ਮੇਰੇ ਘਰਾਣੇ ਨੂੰ ਮੈਥੋਂ ਦੂਰ ਕਰ ਦਿੱਤਾ, ਅਤੇ ਮੇਰੇ ਜਾਣ-ਪਛਾਣ ਵਾਲੇ ਮੈਥੋਂ ਬਿਲਕੁਲ ਬੇਗਾਨੇ ਹੋ ਗਏ। ਮੇਰੇ ਰਿਸ਼ਤੇਦਾਰ ਕੰਮ ਨਾ ਆਏ, ਅਤੇ ਮੇਰੇ ਜਾਣ-ਪਛਾਣ ਵਾਲੇ ਮੈਨੂੰ ਭੁੱਲ ਗਏ। ਮੇਰੇ ਘਰ ਵਿੱਚ ਰਹਿਣ ਵਾਲੇ ਸਗੋਂ ਮੇਰੀਆਂ ਦਾਸੀਆਂ ਵੀ ਮੈਨੂੰ ਓਪਰਾ ਗਿਣਦੀਆਂ ਹਨ, ਉਹਨਾਂ ਦੀ ਨਿਗਾਹ ਵਿੱਚ ਮੈਂ ਪਰਦੇਸੀ ਹਾਂ। ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਪਰ ਉਹ ਜਵਾਬ ਨਹੀਂ ਦਿੰਦਾ, ਮੈਨੂੰ ਉਹ ਦੀ ਮਿੰਨਤ ਕਰਨੀ ਪੈਂਦੀ ਹੈ। ਮੇਰਾ ਸਾਹ ਮੇਰੀ ਪਤਨੀ ਲਈ ਘਿਣਾਉਣਾ ਹੈ, ਅਤੇ ਮੇਰੇ ਆਪਣੇ ਭਰਾ ਮੈਥੋਂ ਘਿਣ ਕਰਦੇ ਹਨ। ਮੁੰਡੇ ਵੀ ਮੈਨੂੰ ਤੁੱਛ ਜਾਣਦੇ ਹਨ, ਜੇ ਮੈਂ ਉੱਠਾਂ ਤਾਂ ਉਹ ਮੈਨੂੰ ਮਿਹਣੇ ਮਾਰਦੇ ਹਨ! ਮੇਰੇ ਸਾਰੇ ਗੂੜ੍ਹੇ ਮਿੱਤਰ ਮੈਥੋਂ ਨਫ਼ਰਤ ਕਰਦੇ ਹਨ, ਅਤੇ ਮੇਰੇ ਪਿਆਰੇ ਮੇਰੇ ਵਿਰੁੱਧ ਹੋ ਗਏ ਹਨ। ਮੇਰੀਆਂ ਹੱਡੀਆਂ ਮੇਰੀ ਖੱਲ ਅਤੇ ਮੇਰੇ ਮਾਸ ਵਿੱਚ ਸੁੰਗੜ ਗਈਆਂ ਹਨ, ਅਤੇ ਮੈਂ ਮੌਤ ਤੋਂ ਵਾਲ-ਵਾਲ ਬਚਿਆ ਹਾਂ! “ਹੇ ਮੇਰੇ ਮਿੱਤਰੋ, ਮੇਰੇ ਉੱਤੇ ਤਰਸ ਖਾਓ, ਤਰਸ ਖਾਓ, ਕਿਉਂ ਜੋ ਪਰਮੇਸ਼ੁਰ ਦੇ ਹੱਥ ਨੇ ਮੈਨੂੰ ਮਾਰਿਆ ਹੈ! ਤੁਸੀਂ ਪਰਮੇਸ਼ੁਰ ਵਾਂਗੂੰ ਕਿਉਂ ਮੇਰੇ ਪਿੱਛੇ ਪਏ ਹੋ? ਅਤੇ ਮੇਰੇ ਮਾਸ ਨੂੰ ਕਿਉਂ ਨਹੀਂ ਛੱਡਦੇ? “ਕਾਸ਼ ਕਿ ਹੁਣ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ! ਕਾਸ਼ ਕਿ ਉਹ ਪੋਥੀ ਵਿੱਚ ਲਿਖੀਆਂ ਜਾਂਦੀਆਂ, ਉਹ ਲੋਹੇ ਦੀ ਲਿਖਣ ਨਾਲ ਅਤੇ ਸਿੱਕੇ ਨਾਲ ਸਦਾ ਲਈ ਚੱਟਾਨ ਵਿੱਚ ਉੱਕਰੀਆਂ ਜਾਂਦੀਆਂ! ਮੈਂ ਤਾਂ ਜਾਣਦਾ ਹਾਂ ਕਿ ਮੇਰਾ ਛੁਟਕਾਰਾ ਦੇਣ ਵਾਲਾ ਜੀਉਂਦਾ ਹੈ, ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ, ਅਤੇ ਆਪਣੀ ਇਸ ਚਮੜੀ ਦੇ ਨਾਸ ਹੋਣ ਦੇ ਬਾਅਦ ਵੀ ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ੁਰ ਦਾ ਦਰਸ਼ਣ ਪਾਵਾਂਗਾ। ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗਾ, ਮੈਂ ਆਪ - ਕੋਈ ਹੋਰ ਨਹੀਂ। ਮੇਰਾ ਦਿਲ ਮੇਰੇ ਅੰਦਰ ਕਿਵੇਂ ਇਸ ਗੱਲ ਨੂੰ ਲੋਚਦਾ ਹੈ! “ਜੇ ਤੁਸੀਂ ਆਖੋ ਕਿ ਕਿਵੇਂ ਅਸੀਂ ਉਹ ਦੇ ਪਿੱਛੇ ਪਈਏ! ਤਾਂ ਵੀ ਧਰਮ ਦੀ ਗੱਲ ਮੇਰੇ ਵਿੱਚ ਪਾਈ ਜਾਵੇਗੀ, ਤੁਸੀਂ ਤਲਵਾਰ ਦੀ ਧਾਰ ਤੋਂ ਡਰੋ, ਕਿਉਂ ਕ੍ਰੋਧ ਦਾ ਫਲ ਤਲਵਾਰ ਨਾਲ ਦੰਡ ਦੇ ਯੋਗ ਹੈ, ਤਾਂ ਜੋ ਤੁਸੀਂ ਜਾਣ ਲਓ ਕਿ ਨਿਆਂ ਹੁੰਦਾ ਹੈ।”