ਅੱਯੂਬ. 28. ਚਾਂਦੀ ਲਈ ਤਾਂ ਖਾਨ ਹੁੰਦੀ ਹੈ, ਅਤੇ ਸੋਨੇ ਲਈ ਸਥਾਨ ਜਿੱਥੇ ਉਸ ਨੂੰ ਤਾਇਆ ਜਾਂਦਾ ਹੈ। ਲੋਹਾ ਮਿੱਟੀ ਤੋਂ ਕੱਢਿਆ ਜਾਂਦਾ ਹੈ, ਅਤੇ ਧਾਤੂ ਨੂੰ ਢਾਲ਼ ਕੇ ਤਾਂਬਾ ਬਣਾਇਆ ਜਾਂਦਾ ਹੈ। ਮਨੁੱਖ ਹਨੇਰੇ ਨੂੰ ਦੂਰ ਕਰ ਕੇ ਸਰਹੱਦ ਤੱਕ ਘੁੱਪ ਹਨੇਰ ਅਤੇ ਮੌਤ ਦੇ ਸਾਯੇ ਵਿੱਚ, ਪੱਥਰਾਂ ਦੀ ਭਾਲ ਕਰਦਾ ਹੈ। ਉਹ ਅਬਾਦੀ ਤੋਂ ਦੂਰ ਸੁਰੰਗ ਖੋਦਦੇ ਹਨ, ਜਿੱਥੇ ਮਨੁੱਖਾਂ ਦੇ ਪੈਰ ਵੀ ਨਹੀਂ ਪੈਂਦੇ, ਉਹ ਮਨੁੱਖਾਂ ਤੋਂ ਦੂਰ ਲਟਕਦੇ ਅਤੇ ਝੂਲਦੇ ਹਨ। ਧਰਤੀ ਤੋਂ ਰੋਟੀ ਤਾਂ ਮਿਲਦੀ ਹੈ, ਪਰ ਉਹ ਦਾ ਹੇਠਲਾ ਹਿੱਸਾ ਅੱਗ ਜਿਹਾ ਬਣ ਜਾਂਦਾ ਹੈ। ਇਸ ਦੀਆਂ ਚੱਟਾਨਾਂ ਨੀਲਮ ਦਾ ਥਾਂ ਹਨ, ਅਤੇ ਉਸ ਵਿੱਚ ਸੋਨੇ ਦੇ ਜ਼ੱਰੇ ਹਨ। ਸ਼ਿਕਾਰੀ ਪੰਛੀ ਉਸ ਦੇ ਰਾਹ ਨੂੰ ਨਹੀਂ ਜਾਣਦਾ, ਨਾ ਬਾਜ਼ ਦੀ ਅੱਖ ਨੇ ਉਸ ਨੂੰ ਵੇਖਿਆ ਹੈ। ਘਾਤਕ ਜਾਨਵਰ ਉਸ ਵਿੱਚ ਨਹੀਂ ਚਲੇ ਹਨ, ਨਾ ਬੱਬਰ ਸ਼ੇਰ ਉਸ ਉੱਤੋਂ ਲੰਘਿਆ ਹੈ। ਮਨੁੱਖ ਆਪਣਾ ਹੱਥ ਚਕਮਕ ਪੱਥਰ ਉੱਤੇ ਲਾਉਂਦਾ ਹੈ, ਉਹ ਪਹਾੜਾਂ ਨੂੰ ਮੁੱਢੋਂ ਉਲੱਦ ਦਿੰਦਾ ਹੈ। ਉਹ ਚੱਟਾਨਾਂ ਵਿੱਚ ਨਾਲੇ ਖੋਦਦਾ ਹੈ ਅਤੇ ਉਹ ਦੀ ਅੱਖ ਹਰੇਕ ਬਹੁਮੁੱਲੀ ਵਸਤੂ ਨੂੰ ਵੇਖਦੀ ਹੈ। ਉਹ ਨਦੀਆਂ ਨੂੰ ਬੰਨ੍ਹ ਦਿੰਦਾ ਹੈ ਕਿ ਉਹ ਚੋਂਦੀਆਂ ਵੀ ਨਹੀਂ, ਅਤੇ ਛਿਪੀ ਹੋਈ ਚੀਜ਼ ਨੂੰ ਚਾਨਣ ਵਿੱਚ ਲੈ ਆਉਂਦਾ ਹੈ। ਪਰ ਬੁੱਧ ਕਿੱਥੇ ਲੱਭੇ, ਅਤੇ ਸਮਝ ਦਾ ਥਾਂ ਕਿੱਥੇ ਹੈ? ਮਨੁੱਖ ਉਹ ਦਾ ਮੁੱਲ ਨਹੀਂ ਜਾਣਦਾ, ਅਤੇ ਉਹ ਜੀਉਂਦਿਆਂ ਦੇ ਦੇਸ ਵਿੱਚ ਨਹੀਂ ਲੱਭਦੀ ਹੈ। ਡੂੰਘਿਆਈ ਕਹਿੰਦੀ ਹੈ, “ਉਹ ਮੇਰੇ ਵਿੱਚ ਨਹੀਂ ਹੈ” ਅਤੇ ਸਮੁੰਦਰ ਕਹਿੰਦਾ ਹੈ, “ਉਹ ਮੇਰੇ ਕੋਲ ਨਹੀਂ ਹੈ।” ਉਹ ਕੁੰਦਨ ਸੋਨੇ ਨਾਲ ਮੁੱਲ ਨਹੀਂ ਲਈ ਜਾਂਦੀ, ਨਾ ਉਹ ਦੇ ਮੁੱਲ ਲਈ ਚਾਂਦੀ ਤੋਲੀਦੀ ਹੈ। ਓਫੀਰ ਦੇ ਸੋਨੇ ਤੋਂ ਉਹ ਦੀ ਕੀਮਤ ਭਰ ਨਹੀਂ ਹੁੰਦੀ, ਨਾ ਬਹੁਮੁੱਲੇ ਸੁਲੇਮਾਨੀ ਪੱਥਰ ਤੋਂ, ਨਾ ਨੀਲਮ ਤੋਂ। ਸੋਨਾ ਅਤੇ ਕੱਚ ਉਹ ਦੇ ਤੁੱਲ ਨਹੀਂ ਹੋ ਸਕਦੇ ਹਨ, ਨਾ ਉਹ ਕੁੰਦਨ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲ ਸਕਦੀ ਹੈ। ਮੂੰਗੇ ਅਤੇ ਬਲੌਰ ਦੀ ਉਸ ਦੇ ਅੱਗੇ ਕੀ ਤੁਲਣਾ ਹੈ? ਸਗੋਂ ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੀ ਵੱਧ ਹੈ। ਇਥੋਪਿਆ ਅਰਥਾਤ ਕੂਸ਼ ਦਾ ਪੁਖਰਾਜ ਉਹ ਦੇ ਤੁੱਲ ਨਹੀਂ, ਨਾ ਖ਼ਾਲਸ ਸੋਨੇ ਵਿੱਚ ਉਹ ਦੀ ਕੀਮਤ ਹੋ ਸਕਦੀ ਹੈ। ਬੁੱਧ ਫੇਰ ਕਿੱਥੋਂ ਆਉਂਦੀ ਹੈ, ਅਤੇ ਸਮਝ ਦਾ ਥਾਂ ਕਿੱਥੇ ਹੈ? ਉਹ ਤਾਂ ਹਰੇਕ ਜੀਵ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਤੇ ਅਕਾਸ਼ ਦੇ ਪੰਛੀਆਂ ਤੋਂ ਛਿਪੀ ਹੋਈ ਹੈ। ਵਿਨਾਸ਼ ਤੇ ਮੌਤ ਆਖਦੀਆਂ ਹਨ, “ਅਸੀਂ ਸਿਰਫ਼ ਉਹ ਦੀ ਚਰਚਾ ਸੁਣੀ ਹੈ।” ਪਰ ਪਰਮੇਸ਼ੁਰ ਉਸ ਦਾ ਰਾਹ ਸਮਝਦਾ ਹੈ, ਅਤੇ ਉਹ ਉਸ ਦਾ ਥਾਂ ਜਾਣਦਾ ਹੈ, ਕਿਉਂ ਜੋ ਉਹੋ ਧਰਤੀ ਦੀਆਂ ਹੱਦਾਂ ਤੱਕ ਨਿਗਾਹ ਮਾਰਦਾ ਹੈ, ਅਤੇ ਜੋ ਕੁਝ ਅਕਾਸ਼ ਦੇ ਹੇਠ ਹੈ ਉਹ ਵੇਖਦਾ ਹੈ। ਜਦ ਉਹ ਨੇ ਹਵਾ ਲਈ ਵਜ਼ਨ ਠਹਿਰਾਇਆ, ਅਤੇ ਪਾਣੀਆਂ ਨੂੰ ਮਾਪ ਨਾਲ ਮਿਣਿਆ, ਜਦ ਉਹ ਨੇ ਮੀਂਹ ਲਈ ਬਿਧੀ ਬਣਾਈ, ਅਤੇ ਗਰਜਦੀ ਬਿਜਲੀ ਲਈ ਰਾਹ ਠਹਿਰਾਇਆ, ਤਦ ਉਸ ਨੇ ਬੁੱਧ ਨੂੰ ਵੇਖਿਆ ਅਤੇ ਦੱਸਿਆ, ਉਸ ਨੇ ਉਹ ਨੂੰ ਕਾਇਮ ਕੀਤਾ ਸਗੋਂ ਉਹ ਨੂੰ ਖ਼ੋਜਿਆ, ਅਤੇ ਉਸ ਨੇ ਮਨੁੱਖ ਨੂੰ ਆਖਿਆ, “ਵੇਖ, ਪ੍ਰਭੂ ਦਾ ਭੈਅ, ਉਹੀ ਬੁੱਧ ਹੈ, ਅਤੇ ਬਦੀ ਤੋਂ ਦੂਰ ਰਹਿਣਾ ਹੀ ਸਮਝ ਹੈ!”