ਜ਼ਬੂਰ. 25. ਦਾਊਦ ਦਾ ਭਜਨ। ਹੇ ਯਹੋਵਾਹ, ਮੈਂ ਆਪਣਾ ਮਨ ਤੇਰੇ ਵੱਲ ਚੁੱਕਦਾ ਹਾਂ। ਹੇ ਮੇਰੇ ਪਰਮੇਸ਼ੁਰ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਨਾ ਵੈਰੀਆਂ ਨੂੰ ਮੇਰੇ ਉੱਤੇ ਬਗਲਾਂ ਵਜਾਉਣ ਦੇ। ਜਿੰਨ੍ਹੇ ਤੈਨੂੰ ਤੱਕਦੇ ਹਨ ਓਹ ਸ਼ਰਮਿੰਦੇ ਨਾ ਹੋਣਗੇ, ਸ਼ਰਮਿੰਦੇ ਉਹੋ ਹੋਣਗੇ ਜੋ ਮੱਲੋ-ਮੱਲੀ ਧੋਖਾ ਦਿੰਦੇ ਹਨ। ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਲਾ। ਆਪਣੀ ਸੱਚਾਈ ਵਿੱਚ ਮੇਰੀ ਅਗਵਾਈ ਕਰ ਮੈਨੂੰ ਸਿਖਲਾ, ਕਿਉਂ ਜੋ ਤੂੰ ਮੇਰਾ ਮੁਕਤੀਦਾਤਾ ਪਰਮੇਸ਼ੁਰ ਹੈ, ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ। ਹੇ ਯਹੋਵਾਹ, ਆਪਣੀਆਂ ਦਿਆਲ਼ਗੀਆਂ ਅਤੇ ਦਯਾ ਨੂੰ ਚੇਤੇ ਰੱਖ, ਉਹ ਤਾਂ ਮੁੱਢ ਤੋਂ ਹਨ। ਮੇਰੀ ਜਵਾਨੀ ਦੇ ਪਾਪਾਂ ਅਤੇ ਮੇਰੇ ਅਪਰਾਧ ਨੂੰ ਚੇਤੇ ਨਾ ਰੱਖ। ਹੇ ਯਹੋਵਾਹ, ਆਪਣੀ ਦਯਾ ਅਨੁਸਾਰ, ਤੇ ਆਪਣੀ ਭਲਾਈ ਦੇ ਕਾਰਨ ਤੂੰ ਮੈਨੂੰ ਚੇਤੇ ਰੱਖ। ਯਹੋਵਾਹ ਭਲਾ ਅਤੇ ਸੱਚਾ ਹੈ, ਇਸ ਕਰਕੇ ਉਹ ਪਾਪੀਆਂ ਨੂੰ ਆਪਣੇ ਰਾਹ ਸਿਖਲਾਏਗਾ। ਉਹ ਮਸਕੀਨਾਂ ਦੀ ਅਗਵਾਈ ਨਿਆਂ ਨਾਲ ਕਰੇਗਾ, ਅਤੇ ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ। ਯਹੋਵਾਹ ਦੇ ਨੇਮ ਅਤੇ ਸਾਖੀਆਂ ਦੇ ਮੰਨਣ ਵਾਲਿਆਂ ਲਈ, ਉਸ ਦੇ ਸਾਰੇ ਮਾਰਗ ਦਯਾ ਅਤੇ ਸਚਿਆਈ ਦੇ ਹਨ l ਹੇ ਯਹੋਵਾਹ, ਆਪਣੇ ਨਾਮ ਦੇ ਨਮਿੱਤ ਮੇਰੀ ਬਦੀ ਨੂੰ ਖਿਮਾ ਕਰ ਕਿਉਂ ਜੋ ਉਹ ਵੱਡੀ ਹੈ। ਉਹ ਕਿਹੜਾ ਮਨੁੱਖ ਹੈ ਜਿਹੜਾ ਯਹੋਵਾਹ ਤੋਂ ਡਰਦਾ ਹੈ? ਉਹ ਉਸ ਦੇ ਲਈ ਚੁਣੇ ਰਾਹ ਵਿੱਚ ਉਸ ਨੂੰ ਸਿਖਾਲੇਗਾ। ਉਸ ਦਾ ਜੀਅ ਸੁਖੀ ਵੱਸੇਗਾ, ਅਤੇ ਉਸ ਦਾ ਵੰਸ਼ ਧਰਤੀ ਦਾ ਵਾਰਿਸ ਹੋਵੇਗਾ। ਯਹੋਵਾਹ ਦਾ ਭੇਤ ਉਸ ਦੇ ਡਰ ਮੰਨਣ ਵਾਲਿਆਂ ਦੇ ਲਈ ਹੈ, ਅਤੇ ਉਹ ਆਪਣਾ ਨੇਮ ਉਨ੍ਹਾਂ ਨੂੰ ਦੱਸੇਗਾ। ਮੇਰੀਆਂ ਅੱਖਾਂ ਹਰ ਵੇਲੇ ਯਹੋਵਾਹ ਵੱਲ ਲੱਗੀਆਂ ਹਨ, ਕਿ ਉਹ ਮੇਰੇ ਪੈਰਾਂ ਨੂੰ ਜਾਲ਼ ਵਿੱਚੋਂ ਕੱਢ ਲਵੇ। ਮੇਰੀ ਵੱਲ ਮੂੰਹ ਕਰ ਕੇ ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਇਕੱਲਾ ਅਤੇ ਦੁੱਖੀ ਹਾਂ। ਮੇਰੇ ਮਨ ਦੇ ਸੰਕਟ ਵਧ ਗਏ ਹਨ, ਮੇਰੀਆਂ ਮੁਸ਼ਕਿਲਾਂ ਤੋਂ ਮੈਨੂੰ ਬਾਹਰ ਕੱਢ। ਮੇਰੇ ਦੁੱਖ ਅਤੇ ਮੇਰੇ ਕਸ਼ਟ ਨੂੰ ਵੇਖ, ਅਤੇ ਮੇਰੇ ਸਾਰੇ ਪਾਪਾਂ ਨੂੰ ਚੁੱਕ ਲੈ। ਮੇਰੇ ਵੈਰੀਆਂ ਨੂੰ ਵੇਖ ਕਿ ਓਹ ਬਾਹਲੇ ਹਨ, ਅਤੇ ਓਹ ਬਦੋ-ਬਦੀ ਮੇਰੇ ਨਾਲ ਵੈਰ ਰੱਖਦੇ ਹਨ। ਮੇਰੀ ਜਾਨ ਦੀ ਰਖਵਾਲੀ ਕਰ ਅਤੇ ਮੈਨੂੰ ਛੁਡਾ, ਮੈਨੂੰ ਸ਼ਰਮਿੰਦਾ ਨਾ ਹੋਣ ਦੇ ਕਿਉਂ ਜੋ ਮੈਂ ਤੇਰੀ ਸ਼ਰਨ ਆਇਆ ਹਾਂ। ਖਰਿਆਈ ਅਤੇ ਸਿਧਿਆਈ ਮੇਰੀ ਰੱਖਿਆ ਕਰਨ, ਕਿਉਂ ਜੋ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ। ਹੇ ਪਰਮੇਸ਼ੁਰ, ਇਸਰਾਏਲ ਨੂੰ ਉਹ ਦੇ ਸਾਰੇ ਸੰਕਟਾਂ ਤੋਂ ਛੁਟਕਾਰਾ ਦੇ!