ਜ਼ਬੂਰ. 38. ਯਾਦਗਾਰੀ ਦੇ ਲਈ ਦਾਊਦ ਦਾ ਭਜਨ। ਹੇ ਯਹੋਵਾਹ ਆਪਣੇ ਕ੍ਰੋਧ ਵਿੱਚ ਮੈਨੂੰ ਦੱਬਕਾ ਨਾ ਦੇ, ਅਤੇ ਨਾ ਆਪਣੇ ਕਹਿਰ ਨਾਲ ਮੈਨੂੰ ਤਾੜ! ਤੇਰੇ ਤੀਰ ਮੇਰੇ ਵਿੱਚ ਆ ਖੁੱਬੇ ਹਨ, ਤੇਰਾ ਹੱਥ ਮੈਨੂੰ ਹੇਠਾਂ ਦਬਾਉਂਦਾ ਹੈ। ਤੇਰੇ ਗੁੱਸੇ ਦੇ ਕਾਰਨ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ, ਅਤੇ ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਸੁੱਖ ਹੈ, ਕਿਉਂ ਜੋ ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਗੂੰ ਉਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ। ਮੇਰੇ ਮੂਰਖਪੁਣੇ ਦੇ ਕਾਰਨ ਮੇਰੇ ਜਖ਼ਮ ਤੋਂ, ਸੜਿਆਂਧ ਆਉਂਦੀ ਹੈ ਅਤੇ ਪਾਕ ਵਗਦੀ ਹੈ। ਮੈਂ ਦੁੱਖੀ ਅਤੇ ਬਹੁਤਾ ਕੁੱਬਾ ਹੋ ਗਿਆ ਹਾਂ, ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ, ਕਿਉਂ ਜੋ ਮੇਰਾ ਲੱਕ ਗਰਮੀ ਨਾਲ ਭਰਿਆ ਹੋਇਆ ਹੈ, ਅਤੇ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ। ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ ਹਾਂ। ਹੇ ਪ੍ਰਭੂ, ਮੇਰੀ ਸਾਰੀ ਇੱਛਿਆ ਤੇਰੇ ਸਾਹਮਣੇ ਹੈ, ਅਤੇ ਮੇਰਾ ਕਰਾਹਣਾ ਤੇਰੇ ਕੋਲੋਂ ਛਿਪਿਆ ਹੋਇਆ ਨਹੀਂ ਹੈ। ਮੇਰਾ ਦਿਲ ਧੜਕਦਾ ਹੈ, ਮੇਰਾ ਬਲ ਘੱਟ ਗਿਆ, ਮੇਰੀਆਂ ਅੱਖੀਆਂ ਦੀ ਰੋਸ਼ਨੀ ਵੀ ਜਾਂਦੀ ਰਹੀ। ਮੇਰੇ ਪਿਆਰੇ ਅਤੇ ਮੇਰੇ ਮਿੱਤਰ ਮੇਰੀ ਬਿਪਤਾ ਤੋਂ ਵੱਖ ਖੜੇ ਹਨ, ਅਤੇ ਮੇਰੇ ਰਿਸ਼ਤੇਦਾਰ ਦੂਰ ਜਾ ਖੜ੍ਹਦੇ ਹਨ। ਮੇਰੀ ਜਾਨ ਦੇ ਵੈਰੀ ਫੰਦੇ ਲਾਉਂਦੇ ਹਨ, ਅਤੇ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਓਹੋ ਵਿਗਾੜ ਦੀਆਂ ਗੱਲਾਂ ਕਰਦੇ ਹਨ, ਅਤੇ ਸਾਰਾ ਦਿਨ ਛਲ ਦੀਆਂ ਜੁਗਤਾਂ ਸੋਚਦੇ ਹਨ। ਪਰ ਮੈਂ ਬੋਲੇ ਵਾਂਗੂੰ ਸੁਣਦਾ ਨਹੀਂ, ਅਤੇ ਮੈਂ ਉਸ ਗੂੰਗੇ ਵਰਗਾ ਹਾਂ ਜਿਹੜਾ ਮੂੰਹੋਂ ਬੋਲਦਾ ਹੀ ਨਹੀਂ। ਹਾਂ, ਮੈਂ ਉਸ ਮਨੁੱਖ ਵਰਗਾ ਹਾਂ ਜਿਹੜਾ ਸੁਣਦਾ ਨਹੀਂ, ਜਿਸ ਦੇ ਮੂੰਹ ਵਿੱਚ ਕੋਈ ਰੋਹਬ ਨਹੀਂ ਹਨ। ਹੇ ਯਹੋਵਾਹ, ਮੈਨੂੰ ਤਾਂ ਤੇਰੀ ਹੀ ਉਡੀਕ ਹੈ, ਤੂੰ ਉੱਤਰ ਦੇਵੇਂਗਾ, ਹੇ ਪ੍ਰਭੂ, ਮੇਰੇ ਪਰਮੇਸ਼ੁਰ! ਮੈਂ ਤਾਂ ਆਖਿਆ ਕਿ ਅਜਿਹਾ ਨਾ ਹੋਵੇ ਓਹ ਮੇਰੇ ਉੱਤੇ ਅਨੰਦ ਕਰਨ, ਅਤੇ ਜਿਸ ਵੇਲੇ ਮੇਰੇ ਪੈਰ ਤਿਲਕਣ ਓਹ ਮੇਰੇ ਵਿਰੁੱਧ ਆਪਣੀਆਂ ਵਡਿਆਈਆਂ ਕਰਨ, ਮੈਂ ਠੇਡਾ ਖਾਣ ਲੱਗਾ, ਅਤੇ ਮੇਰਾ ਸੋਗ ਸਦਾ ਮੇਰੇ ਅੱਗੇ ਰਹਿੰਦਾ ਹੈ। ਮੈਂ ਆਪਣੀ ਬਦੀ ਨੂੰ ਮੰਨਾਂਗਾ, ਅਤੇ ਆਪਣੇ ਪਾਪ ਦੇ ਕਾਰਨ ਚਿੰਤਾ ਕਰਾਂਗਾ। ਪਰ ਮੇਰੇ ਵੈਰੀ ਤਾਕਤ ਵਾਲੇ ਅਤੇ ਸਮਰੱਥੀ ਹਨ, ਅਤੇ ਜਿਹੜੇ ਬਿਨ੍ਹਾਂ ਕਾਰਨ ਮੇਰੇ ਨਾਲ ਖਾਰ ਕਰਦੇ ਹਨ ਉਹ ਵਧ ਗਏ ਹਨ, ਨਾਲੇ ਜਿਹੜੇ ਭਲਿਆਈ ਦੇ ਬਦਲੇ ਬੁਰਿਆਈ ਦਿੰਦੇ ਹਨ, ਉਹ ਮੇਰੇ ਵਿਰੋਧੀ ਹਨ ਕਿਉਂ ਜੋ ਮੈਂ ਭਲਿਆਈ ਦੇ ਮਗਰ ਲੱਗਾ ਰਹਿੰਦਾ ਹਾਂ। ਹੇ ਯਹੋਵਾਹ, ਮੈਨੂੰ ਤਿਆਗ ਨਾ ਦੇ, ਹੇ ਮੇਰੇ ਪਰਮੇਸ਼ੁਰ, ਮੇਰੇ ਤੋਂ ਦੂਰ ਨਾ ਹੋ! ਹੇ ਪ੍ਰਭੂ, ਮੇਰੇ ਮੁਕਤੀਦਾਤੇ, ਮੇਰੇ ਬਚਾਓ ਲਈ ਛੇਤੀ ਕਰ!