ਜ਼ਬੂਰ. 111. ਹਲਲੂਯਾਹ! ਮੈਂ ਆਪਣੇ ਸਾਰੇ ਦਿਲ ਨਾਲ, ਸਿੱਧਿਆਂ ਦੀ ਪਰਿਹਾ ਤੇ ਮੰਡਲੀ ਵਿੱਚ ਯਹੋਵਾਹ ਦਾ ਧੰਨਵਾਦ ਕਰਾਂਗਾ। ਯਹੋਵਾਹ ਦੇ ਕੰਮ ਵੱਡੇ ਹਨ, ਓਹ ਸਾਰੇ ਜਿਹੜੇ ਉਨ੍ਹਾਂ ਵਿੱਚ ਪਰਸੰਨ ਰਹਿੰਦੇ ਹਨ ਉਨ੍ਹਾਂ ਨੂੰ ਭਾਲਦੇ ਹਨ। ਉਹ ਦੀ ਕਰਨੀ ਤੇਜ ਅਤੇ ਉਪਮਾ ਹੈ, ਅਤੇ ਉਹ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ। ਉਹ ਨੇ ਆਪਣੇ ਅਚਰਜ਼ ਕੰਮਾਂ ਨੂੰ ਇੱਕ ਯਾਦਗਾਰ ਬਣਾਇਆ, ਯਹੋਵਾਹ ਦਯਾਲੂ ਤੇ ਕਿਰਪਾਲੂ ਹੈ। ਉਹ ਨੇ ਆਪਣੇ ਡਰਨ ਵਾਲਿਆਂ ਨੂੰ ਖਾਣਾ ਦਿੱਤਾ, ਉਹ ਆਪਣੇ ਨੇਮ ਨੂੰ ਸਦਾ ਲਈ ਚੇਤੇ ਰੱਖੇਗਾ। ਉਹ ਨੇ ਆਪਣੇ ਕੰਮਾਂ ਦਾ ਬਲ ਆਪਣੀ ਪਰਜਾ ਨੂੰ ਵਿਖਾਇਆ, ਜਦੋਂ ਉਹ ਨੇ ਉਨ੍ਹਾਂ ਨੂੰ ਕੌਮਾਂ ਦੀ ਮਿਰਾਸ ਦਿੱਤੀ। ਉਹ ਦੇ ਹੱਥਾਂ ਦੇ ਕੰਮ ਸਚਿਆਈ ਤੇ ਨਿਆਂ ਦੇ ਹਨ, ਉਹ ਦੇ ਫ਼ਰਮਾਨ ਵਫ਼ਾਦਾਰੀ ਦੇ ਹਨ। ਓਹ ਸਦਾ ਹੀ ਅਟੱਲ ਰਹਿਣਗੇ, ਓਹ ਸਚਿਆਈ ਤੇ ਸਿਧਿਆਈ ਨਾਲ ਕੀਤੇ ਗਏ ਹਨ। ਉਹ ਨੇ ਆਪਣੀ ਪਰਜਾ ਲਈ ਛੁਟਕਾਰਾ ਭੇਜਿਆ, ਉਹ ਨੇ ਆਪਣੇ ਨੇਮ ਦਾ ਸਦਾ ਲਈ ਹੁਕਮ ਦਿੱਤਾ ਹੈ, ਉਹ ਦਾ ਨਾਮ ਪਵਿੱਤਰ ਤੇ ਭੈਅ ਦਾਇਕ ਹੈ! ਯਹੋਵਾਹ ਦਾ ਭੈਅ ਬੁੱਧ ਦਾ ਮੁੱਢ ਹੈ, ਜਿੰਨੇ ਉਨ੍ਹਾਂ ਨੂੰ ਪੂਰਾ ਕਰਦੇ ਹਨ ਉਨ੍ਹਾਂ ਦੀ ਸਮਝ ਚੰਗੀ ਹੈ, ਉਹ ਦੀ ਉਸਤਤ ਸਦਾ ਤੱਕ ਬਣੀ ਰਹੇਗੀ।