ਜ਼ਬੂਰ. 115. ਸਾਨੂੰ ਨਹੀਂ, ਹੇ ਯਹੋਵਾਹ, ਸਾਨੂੰ ਨਹੀਂ, ਸਗੋਂ ਆਪਣੇ ਹੀ ਨਾਮ ਨੂੰ ਆਪਣੀ ਦਯਾ ਤੇ ਸਚਿਆਈ ਦੇ ਕਾਰਨ ਵਡਿਆਈ ਦੇ! ਕੌਮਾਂ ਇਉਂ ਆਖਣ, ਉਨ੍ਹਾਂ ਦਾ ਪਰਮੇਸ਼ੁਰ ਕਿੱਥੇ ਹੈ? ਸਾਡਾ ਪਰਮੇਸ਼ੁਰ ਸਵਰਗ ਵਿੱਚ ਹੈ, ਉਹ ਨੇ ਜੋ ਚਾਹਿਆ ਸੋ ਕੀਤਾ। ਉਨ੍ਹਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਣਾਵਟ ਹਨ। ਉਨ੍ਹਾਂ ਦੇ ਮੂੰਹ ਤਾਂ ਹਨ ਪਰ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਓਹ ਵੇਖਦੇ ਨਹੀਂ, ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਸੁਣਦੇ ਨਹੀਂ, ਉਨ੍ਹਾਂ ਦੇ ਨੱਕ ਤਾਂ ਹਨ ਪਰ ਓਹ ਸੁੰਘਦੇ ਨਹੀਂ, ਉਨ੍ਹਾਂ ਦੇ ਹੱਥ ਵੀ ਹਨ ਪਰ ਓਹ ਫੜ੍ਹਦੇ ਨਹੀਂ, ਉਨ੍ਹਾਂ ਦੇ ਪੈਰ ਵੀ ਹਨ ਪਰ ਓਹ ਚੱਲਦੇ ਨਹੀਂ, ਨਾ ਓਹ ਆਪਣੇ ਸੰਘ ਤੋਂ ਹੁੰਗਾਰਾ ਭਰਦੇ ਹਨ! ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ। ਹੇ ਇਸਰਾਏਲ, ਯਹੋਵਾਹ ਉੱਤੇ ਭਰੋਸਾ ਰੱਖ! ਉਹ ਉਹਨਾਂ ਦਾ ਸਹਾਇਕ ਤੇ ਉਹਨਾਂ ਦੀ ਢਾਲ਼ ਹੈ। ਹੇ ਹਾਰੂਨ ਦੇ ਘਰਾਣੇ, ਯਹੋਵਾਹ ਉੱਤੇ ਭਰੋਸਾ ਰੱਖ! ਉਹ ਉਹਨਾਂ ਦਾ ਸਹਾਇਕ ਤੇ ਉਹਨਾਂ ਦੀ ਢਾਲ਼ ਹੈ। ਹੇ ਯਹੋਵਾਹ ਤੋਂ ਡਰਨ ਵਾਲਿਓ, ਯਹੋਵਾਹ ਉੱਤੇ ਭਰੋਸਾ ਰੱਖੋ! ਉਹ ਉਹਨਾਂ ਦਾ ਸਹਾਇਕ ਤੇ ਉਹਨਾਂ ਦੀ ਢਾਲ਼ ਹੈ। ਯਹੋਵਾਹ ਨੇ ਸਾਨੂੰ ਚੇਤੇ ਰੱਖਿਆ ਹੈ, ਉਹ ਬਰਕਤ ਦੇਵੇਗਾ, ਉਹ ਇਸਰਾਏਲ ਦੇ ਘਰਾਣੇ ਨੂੰ ਬਰਕਤ ਦੇਵੇਗਾ, ਉਹ ਹਾਰੂਨ ਦੇ ਘਰਾਣੇ ਨੂੰ ਬਰਕਤ ਦੇਵੇਗਾ! ਉਹ ਯਹੋਵਾਹ ਤੋਂ ਡਰਨ ਵਾਲਿਆਂ ਨੂੰ ਬਰਕਤ ਦੇਵੇਗਾ, ਕੀ ਛੋਟੇ ਕੀ ਵੱਡੇ! ਯਹੋਵਾਹ ਤੁਹਾਨੂੰ ਵਧਾਈ ਜਾਵੇ, ਤੁਹਾਨੂੰ ਤੇ ਤੁਹਾਡੇ ਬਾਲਕਾਂ ਨੂੰ ਵੀ! ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ, ਜਿਹੜਾ ਅਕਾਸ਼ ਤੇ ਧਰਤੀ ਦਾ ਸਿਰਜਣਹਾਰ ਹੈ। ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤਰ ਦੇ ਵੰਸ਼ ਨੂੰ ਦਿੱਤੀ ਹੈ। ਮੁਰਦੇ ਯਹੋਵਾਹ ਦੀ ਉਸਤਤ ਨਹੀਂ ਕਰਦੇ, ਨਾ ਓਹ ਸਾਰੇ ਜਿਹੜੇ ਖਮੋਸ਼ੀ ਵਿੱਚ ਉਤਰ ਗਏ ਹਨ। ਪਰ ਅਸੀਂ ਯਹੋਵਾਹ ਨੂੰ ਮੁਬਾਰਕ ਆਖਾਂਗਾ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ। ਹਲਲੂਯਾਹ!।