ਯੂਹੰਨਾ. 11. ਲਾਜ਼ਰ ਨਾਮ ਦਾ ਇੱਕ ਬਿਮਾਰ ਮਨੁੱਖ ਸੀ ਜੋ ਕਿ ਬੈਤਅਨਿਯਾ ਨਗਰ ਵਿੱਚ ਰਹਿੰਦਾ ਸੀ। ਇਹ ਉਹ ਨਗਰ ਸੀ, ਜਿੱਥੇ ਮਰਿਯਮ ਅਤੇ ਉਸ ਦੀ ਭੈਣ ਮਾਰਥਾ ਰਹਿੰਦੀ ਸੀ। ਇਹ ਉਹ ਮਰਿਯਮ ਸੀ, ਜਿਸ ਨੇ ਪ੍ਰਭੂ ਉੱਤੇ ਅਤਰ ਪਾ ਦਿੱਤਾ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਉਸ ਦੇ ਚਰਨ ਸਾਫ਼ ਕੀਤੇ। ਲਾਜ਼ਰ ਮਰਿਯਮ ਦਾ ਭਰਾ ਬਿਮਾਰ ਸੀ। ਇਸ ਲਈ ਮਰਿਯਮ ਅਤੇ ਮਾਰਥਾ ਨੇ ਉਸ ਕੋਲ ਇੱਕ ਸੁਨੇਹਾ ਭੇਜਿਆ, “ਪ੍ਰਭੂ, ਤੁਹਾਡਾ ਪਿਆਰਾ ਮਿੱਤਰ ਲਾਜ਼ਰ ਬਿਮਾਰ ਹੈ।” ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਕਿਹਾ, “ਇਸ ਬਿਮਾਰੀ ਦਾ ਕਾਰਨ ਮੌਤ ਨਹੀਂ, ਸਗੋਂ ਇਹ ਬਿਮਾਰੀ ਪਰਮੇਸ਼ੁਰ ਦੀ ਮਹਿਮਾ ਲਈ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਮਹਿਮਾ ਲਈ ਹੋਵੇ।” ਪ੍ਰਭੂ ਯਿਸੂ ਮਰਿਯਮ, ਉਸ ਦੀ ਭੈਣ ਮਾਰਥਾ ਅਤੇ ਉਸ ਦੇ ਭਰਾ ਲਾਜ਼ਰ ਨੂੰ ਪਿਆਰ ਕਰਦਾ ਸੀ। ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬੜਾ ਬਿਮਾਰ ਹੈ ਤਾਂ ਉਹ ਜਿੱਥੇ ਸੀ, ਉੱਥੇ ਦੋ ਦਿਨ ਤੱਕ ਉਹ ਹੋਰ ਰੁਕ ਗਿਆ। ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਅਸੀਂ ਹੁਣ ਯਹੂਦਿਯਾ ਨੂੰ ਵਾਪਸ ਚਲੀਏ।” ਚੇਲਿਆਂ ਨੇ ਆਖਿਆ, “ਪਰ ਗੁਰੂ! ਥੋੜ੍ਹਾ ਚਿਰ ਪਹਿਲਾਂ, ਯਹੂਦਿਯਾ ਵਿੱਚ ਯਹੂਦੀ ਤੇਰੇ ਉੱਤੇ ਪਥਰਾਹ ਕਰਨਾ ਚਾਹੁੰਦੇ ਸਨ, ਤਾਂ ਕੀ ਤੂੰ ਫਿਰ ਉੱਥੇ ਹੀ ਵਾਪਸ ਜਾਂਦਾ ਹੈਂ।” ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ? ਜੇਕਰ ਕੋਈ ਦਿਨ ਨੂੰ ਚਲੇ ਤਾਂ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਦੁਨੀਆਂ ਦੇ ਚਾਨਣ ਨੂੰ ਵੇਖਦਾ ਹੈ। ਪਰ ਜੋ ਮਨੁੱਖ ਰਾਤ ਨੂੰ ਚੱਲਦਾ ਹੈ, ਹਨੇਰੇ ਵਿੱਚ ਠੋਕਰ ਖਾਂਦਾ ਕਿਉਂਕਿ ਉਸ ਕੋਲ ਚਾਨਣ ਨਹੀਂ ਹੈ।” ਯਿਸੂ ਨੇ ਇਹ ਗੱਲਾਂ ਕਹਿਣ ਤੋਂ ਬਾਅਦ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਪਰ ਮੈਂ ਉਸ ਨੂੰ ਜਗਾਉਣ ਜਾਂਦਾ ਹਾਂ।” ਚੇਲਿਆਂ ਨੇ ਆਖਿਆ, “ਪ੍ਰਭੂ, ਜੇਕਰ ਉਹ ਸੌਂ ਰਿਹਾ ਹੈ, ਤਾਂ ਉਹ ਜਾਗ ਜਾਵੇਗਾ।” ਯਿਸੂ ਦੇ ਕਹਿਣ ਦਾ ਮਤਲਬ ਸੀ, ਲਾਜ਼ਰ ਮਰ ਗਿਆ। ਪਰ ਚੇਲਿਆਂ ਨੇ ਸਮਝਿਆ ਕਿ ਉਹ ਅਸਲੀ ਨੀਂਦ ਬਾਰੇ ਬੋਲ ਰਿਹਾ ਸੀ। ਤਾਂ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰ ਮਰ ਗਿਆ ਹੈ। ਅਤੇ ਤੁਹਾਡੀ ਖਾਤਰ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਉਸ ਸਮੇਂ ਮੈਂ ਉੱਥੇ ਨਹੀਂ ਸੀ। ਕਿਉਂਕਿ ਹੁਣ ਤੁਸੀਂ ਮੇਰੇ ਤੇ ਵਿਸ਼ਵਾਸ ਕਰੋਂਗੇ। ਇਸ ਲਈ ਚਲੋ ਅਸੀਂ ਉੱਥੇ ਚੱਲੀਏ।” ਤਦ ਥੋਮਾ ਨੇ ਜਿਹੜਾ ਦੀਦੁਮੁਸ ਅਖਵਾਉਂਦਾ ਸੀ, ਆਪਣੇ ਨਾਲ ਦੇ ਚੇਲਿਆਂ ਨੂੰ ਆਖਿਆ, “ਚਲੋ ਆਓ ਅਸੀਂ ਵੀ ਉਸ ਦੇ ਨਾਲ ਚੱਲੀਏ। ਅਤੇ ਉਸ ਨਾਲ ਮਾਰੇ ਜਾਈਏ।” ਯਿਸੂ ਬੈਤਅਨਿਯਾ ਵਿੱਚ ਪਹੁੰਚਿਆ ਅਤੇ ਵੇਖਿਆ ਕਿ ਲਾਜ਼ਰ ਨੂੰ ਕਬਰ ਵਿੱਚ ਰੱਖੇ ਚਾਰ ਦਿਨ ਹੋ ਗਏ ਸਨ। ਬੈਤਅਨਿਯਾ ਤੋਂ ਯਰੂਸ਼ਲਮ ਵਿਚਕਾਰ ਲੱਗਭਗ ਦੋ ਮੀਲ ਦੀ ਦੂਰੀ ਸੀ। ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਕੋਲ ਲਾਜ਼ਰ ਦੀ ਮੌਤ ਦਾ ਅਫ਼ਸੋਸ ਕਰਨ ਆਏ। ਜਦ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ, ਤਾਂ ਉਹ ਉਸ ਨੂੰ ਮਿਲਣ ਲਈ ਬਾਹਰ ਗਈ ਪਰ ਮਰਿਯਮ ਘਰ ਹੀ ਰਹੀ। ਮਾਰਥਾ ਨੇ ਯਿਸੂ ਨੂੰ ਕਿਹਾ, “ਹੇ ਪ੍ਰਭੂ, ਜੇਕਰ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਦਾ। ਪਰ ਮੈਂ ਜਾਣਦੀ ਹਾਂ ਹੁਣ ਵੀ ਤੁਸੀਂ, ਜੋ ਵੀ ਪਰਮੇਸ਼ੁਰ ਕੋਲੋਂ ਮੰਗੋਂਗੇ, ਉਹ ਤੁਹਾਨੂੰ ਦੇਵੇਗਾ।” ਯਿਸੂ ਨੇ ਆਖਿਆ, “ਤੇਰਾ ਭਰਾ ਜੀ ਉੱਠੇਗਾ।” ਮਾਰਥਾ ਬੋਲੀ “ਮੈਂ ਜਾਣਦੀ ਹਾਂ ਕਿ ਉਹ ਨਿਆਂ ਵਾਲੇ ਦਿਨ ਦੇ ਸਮੇਂ ਅੰਤ ਦੇ ਦਿਨ ਜੀ ਉੱਠੇਗਾ।” ਯਿਸੂ ਨੇ ਉਸ ਨੂੰ ਆਖਿਆ, “ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਉਹ ਜੀਵੇਗਾ। ਹਰ ਮਨੁੱਖ, ਜੋ ਜਿਉਂਦਾ ਹੈ ਅਤੇ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੀ ਨਹੀਂ ਮਰੇਗਾ। ਮਾਰਥਾ, ਕੀ ਤੂੰ ਇਸ ਦਾ ਵਿਸ਼ਵਾਸ ਕਰਦੀ ਹੈਂ?” ਮਾਰਥਾ ਨੇ ਕਿਹਾ, “ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਹੀ ਮਸੀਹ ਹੈਂ, ਪਰਮੇਸ਼ੁਰ ਦਾ ਪੁੱਤਰ, ਜੋ ਇਸ ਦੁਨੀਆਂ ਵਿੱਚ ਆਉਣ ਵਾਲਾ ਸੀ।” ਯਿਸੂ ਨੂੰ ਇਹ ਕਹਿਣ ਤੋਂ ਬਾਅਦ ਮਾਰਥਾ ਆਪਣੀ ਭੈਣ ਮਰਿਯਮ ਕੋਲ ਗਈ ਤੇ ਉਸ ਨਾਲ ਇਕੱਲਿਆਂ ਗੱਲ ਕੀਤੀ ਅਤੇ ਆਖਿਆ, “ਪ੍ਰਭੂ ਆਇਆ ਹੈ ਅਤੇ ਉਹ ਤੇਰੇ ਬਾਰੇ ਪੁੱਛ ਰਿਹਾ ਹੈ।” ਜਦੋਂ ਮਰਿਯਮ ਨੇ ਇਹ ਸੁਣਿਆ ਤਾਂ ਉਹ ਝੱਟ ਉੱਠ ਖੜ੍ਹੀ ਹੋਈ ਅਤੇ ਯਿਸੂ ਕੋਲ ਗਈ। ਯਿਸੂ ਹਾਲੇ ਪਿੰਡ ਵਿੱਚ ਨਹੀਂ ਪਹੁੰਚਿਆ ਸੀ, ਸਗੋਂ ਉਹ ਅਜੇ ਉਸ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲਣ ਆਈ ਸੀ। ਜਿਹੜੇ ਯਹੂਦੀ ਮਰਿਯਮ ਦੇ ਘਰ ਵਿੱਚ ਉਸ ਨੂੰ ਤਸੱਲੀ ਦੇ ਰਹੇ ਸਨ। ਉਨ੍ਹਾਂ ਨੇ ਮਰਿਯਮ ਨੂੰ ਜਲਦੀ ਨਾਲ ਉੱਠਦਿਆਂ ਅਤੇ ਘਰ ਤੋਂ ਬਹਾਰ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕੀਤਾ। ਉਨ੍ਹਾਂ ਨੇ ਸਮਝਿਆ ਕਿ ਉਹ ਕਬਰ ਤੇ ਰੋਣ ਜਾ ਰਹੀ ਹੈ। ਮਰਿਯਮ ਉੱਥੇ ਆਈ ਜਿੱਥੇ ਯਿਸੂ ਸੀ। ਜਦੋਂ ਮਰਿਯਮ ਨੇ ਯਿਸੂ ਨੂੰ ਵੇਖਿਆ ਉਹ ਉਸ ਦੇ ਚਰਨਾਂ ਤੇ ਡਿੱਗ ਪਈ ਅਤੇ ਆਖਿਆ, “ਪ੍ਰਭੂ, ਜੇਕਰ ਤੂੰ ਇੱਥੇ ਹੁੰਦਾ, ਮੇਰਾ ਭਰਾ ਨਾ ਮਰਦਾ।” ਜਦੋਂ ਯਿਸੂ ਨੇ ਮਰਿਯਮ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਰੋਂਦੇ ਵੇਖਿਆ ਤਾਂ ਯਿਸੂ ਆਪਣੇ ਆਤਮਾ ਵਿੱਚ ਬਹੁਤ ਦੁੱਖੀ ਹੋਇਆ ਅਤੇ ਦਰਦ ਮਹਿਸੂਸ ਕੀਤਾ। ਉਸ ਨੇ ਪੁੱਛਿਆ, “ਲਾਜ਼ਰ ਨੂੰ ਤੁਸੀਂ ਕਿੱਥੇ ਰੱਖਿਆ ਹੈ।” ਉਨ੍ਹਾਂ ਆਖਿਆ, “ਪ੍ਰਭੂ ਜੀ ਆਓ ਅਤੇ ਵੇਖੋ।” ਯਿਸੂ ਰੋਇਆ, ਫਿਰ ਯਹੂਦੀਆਂ ਨੇ ਆਖਿਆ, “ਵੇਖੋ, ਉਹ ਉਸ ਨਾਲ ਕਿੰਨ੍ਹਾਂ ਪਿਆਰ ਕਰਦਾ ਸੀ।” ਪਰ ਕੁਝ ਯਹੂਦੀਆਂ ਨੇ ਆਖਿਆ, “ਉਹ ਜਿਸ ਨੇ ਅੰਨ੍ਹੇ ਨੂੰ ਸੁਜਾਖਾ ਕੀਤਾ, ਕੀ ਉਹ ਲਾਜ਼ਰ ਨੂੰ ਮਰਨ ਤੋਂ ਰੋਕਣ ਲਈ ਕੁਝ ਨਾ ਕਰ ਸਕਿਆ?” ਇੱਕ ਵਾਰ ਫੇਰ ਯਿਸੂ ਨੇ ਆਪਣੇ ਮਨ ਵਿੱਚ ਬੜਾ ਦੁੱਖ ਮਹਿਸੂਸ ਕੀਤਾ। ਯਿਸੂ ਲਾਜ਼ਰ ਦੀ ਕਬਰ ਤੇ ਗਿਆ ਜੋ ਕਿ ਇੱਕ ਗੁਫਾ ਸੀ, ਉਸ ਉੱਪਰ ਪੱਥਰ ਧਰਿਆ ਹੋਇਆ ਸੀ। ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ।” ਯਿਸੂ ਨੇ ਮਾਰਥਾ ਨੂੰ ਆਖਿਆ, “ਯਾਦ ਕਰ, ਮੈਂ ਤੈਨੂੰ ਕੀ ਕਿਹਾ ਸੀ? ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਵੇਖੇਂਗੀ।” ਫ਼ੇਰ ਉਨ੍ਹਾਂ ਨੇ ਕਬਰ ਤੋਂ ਪੱਥਰ ਹਟਾਇਆ। ਯਿਸੂ ਨੇ ਉੱਪਰ ਵੇਖਿਆ ਅਤੇ ਆਖਿਆ, “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੂੰ ਮੇਰੀ ਸੁਣੀ ਹੈ। ਮੈਂ ਜਾਣਦਾ ਹਾਂ ਕਿ ਤੂੰ ਮੇਰੀ ਸਦਾ ਸੁਣਦਾ ਹੈਂ, ਪਰ ਇਹ ਗੱਲ ਮੈਂ ਇਸ ਲਈ ਕਹੀ ਕਿਉਂਕਿ ਬਹੁਤ ਸਾਰੇ ਲੋਕ ਇਸ ਸਮੇਂ ਮੇਰੇ ਕੋਲ ਇਕੱਠੇ ਹੋਏ ਹਨ ਤੇ ਮੈਂ ਚਾਹੁੰਦਾ ਹਾਂ ਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।” ਇਸ ਪ੍ਰਾਰਥਨਾ ਤੋਂ ਬਾਅਦ ਉਹ ਉੱਚੀ ਅਵਾਜ਼ ਨਾਲ ਬੁਲਾਇਆ, “ਲਾਜ਼ਰ, ਬਾਹਰ ਨਿੱਕਲ ਆ।” ਉਹ ਮਰਿਆ ਹੋਇਆ ਲਾਜ਼ਰ ਬਾਹਰ ਨਿੱਕਲ ਆਇਆ। ਉਸ ਦੇ ਹੱਥ-ਪੈਰ ਕੱਪੜੇ ਨਾਲ ਬੰਨੇ ਹੋਏ ਸਨ ਅਤੇ ਉਸਦਾ ਮੂੰਹ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਲੋਕਾਂ ਨੂੰ ਆਖਿਆ, “ਇਸ ਦੇ ਉੱਪਰੋਂ ਕੱਪੜਾ ਖੋਲ੍ਹੋ ਅਤੇ ਇਸ ਨੂੰ ਜਾਣ ਦਿਓ।” ਬਹੁਤ ਸਾਰੇ ਯਹੂਦੀ ਉੱਥੇ ਮਰਿਯਮ ਨੂੰ ਵੇਖਣ ਲਈ ਆਏ ਹੋਏ ਸਨ। ਜੋ ਯਿਸੂ ਨੇ ਕੀਤਾ ਉਨ੍ਹਾਂ ਨੇ ਵੇਖਿਆ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਉਸ ਤੇ ਵਿਸ਼ਵਾਸ ਕੀਤਾ। ਪਰ ਕੁਝ ਯਹੂਦੀ ਫ਼ਰੀਸੀਆਂ ਕੋਲ ਗਏ ਤੇ ਜਾ ਕੇ ਫ਼ਰੀਸੀਆਂ ਨੂੰ ਯਿਸੂ ਦੇ ਕੰਮ ਬਾਰੇ ਦੱਸਿਆ ਕਿ ਉਸ ਨੇ ਕੀ ਕੀਤਾ ਸੀ। ਤਾਂ ਫਿਰ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਯਹੂਦੀਆਂ ਦੀ ਇੱਕ ਸਭਾ ਬੁਲਾਈ ਅਤੇ ਕਿਹਾ, “ਸਾਨੂੰ ਕੀ ਕਰਨਾ ਚਾਹੀਦਾ ਹੈ? ਇਹ ਮਨੁੱਖ ਬਹੁਤ ਚਮਤਕਾਰ ਕਰ ਰਿਹਾ ਹੈ। ਜੇਕਰ ਅਸੀਂ ਇਸ ਨੂੰ ਓਵੇਂ ਹੀ ਛੱਡ ਦਿੱਤਾ, ਤਾਂ ਹਰ ਕੋਈ ਉਸ ਉੱਤੇ ਵਿਸ਼ਵਾਸ ਕਰੇਗਾ। ਤਦ ਫਿਰ ਰੋਮੀ ਆ ਜਾਣਗੇ ਅਤੇ ਸਾਡੀ ਹੈਕਲ ਅਤੇ ਸਾਡੀ ਕੌਮ ਨੂੰ ਨਾਸ ਕਰ ਦੇਣਗੇ।” ਉਨ੍ਹਾਂ ਵਿੱਚੋਂ ਇੱਕ ਕਯਾਫ਼ਾ ਸੀ। ਉਹ ਉਸ ਸਾਲ ਦਾ ਪ੍ਰਧਾਨ ਜਾਜਕ ਸੀ। ਉਸ ਨੇ ਆਖਿਆ, “ਤੁਸੀਂ ਲੋਕ ਕੁਝ ਵੀ ਨਹੀਂ ਜਾਣਦੇ। ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਸਾਰੀ ਕੌਮ ਦੇ ਨਾਸ ਦੀ ਬਜਾਏ ਲੋਕਾਂ ਲਈ ਇੱਕ ਮਨੁੱਖ ਦਾ ਮਰ ਜਾਣਾ ਚੰਗਾ ਹੈ।” ਕਯਾਫ਼ਾ ਨੇ ਇਹ ਆਪਣੀ ਵਲੋਂ ਨਹੀਂ ਕਿਹਾ ਸੀ। ਉਹ ਉਸ ਸਾਲ ਪ੍ਰਧਾਨ ਜਾਜਕ ਸੀ ਇਸ ਲਈ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸੂ ਕੌਮ ਲਈ ਮਰਨ ਵਾਲਾ ਸੀ। ਹਾਂ, ਯਿਸੂ ਸਿਰਫ਼ ਯਹੂਦੀ ਕੌਮ ਲਈ ਨਹੀਂ ਮਰੇਗਾ ਸਗੋਂ ਪਰਮੇਸ਼ੁਰ ਦੇ ਸਾਰੇ ਬੱਚਿਆਂ ਵਾਸਤੇ ਜਿਹੜੇ ਕਿ ਸਾਰੀ ਦੁਨੀਆਂ ਵਿੱਚ ਖਿੰਡੇ ਹੋਏ ਹਨ, ਤਾਂ ਕਿ ਉਹ ਉਨ੍ਹਾਂ ਨੂੰ ਇਕੱਠਿਆਂ ਕਰ ਲਵੇ। ਉਸ ਦਿਨ ਤੋਂ ਯਹੂਦੀ ਆਗੂਆਂ ਨੇ ਯਿਸੂ ਨੂੰ ਜਾਨੋਂ ਮਾਰਨ ਬਾਰੇ ਮਤਾ ਪਕਾਇਆ। ਤਦ ਯਿਸੂ ਨੇ ਯਹੂਦੀਆਂ ਵਿੱਚ ਖੁੱਲੇ-ਆਮ ਘੁੰਮਣਾ ਬੰਦ ਕਰ ਦਿੱਤਾ। ਉਹ ਯਰੂਸ਼ਲਮ ਛੱਡ ਕੇ ਇਫ਼ਰਾਈਮ ਨਾਮ ਦੇ ਇੱਕ ਨਗਰ ਵੱਲ ਚਲਾ ਗਿਆ ਜਿਹੜਾ ਉਜਾੜ ਦੇ ਨੇੜੇ ਸੀ। ਉੱਥੇ ਕੁਝ ਦੇਰ ਉਹ ਆਪਣੇ ਚੇਲਿਆਂ ਨਾਲ ਰਿਹਾ। ਯਹੂਦੀਆਂ ਦਾ ਪਸਾਹ ਦਾ ਤਿਉਹਾਰ ਮਨਾਉਣ ਦਾ ਸਮਾਂ ਨੇੜੇ ਸੀ। ਇਸ ਲਈ ਬਹੁਤ ਸਾਰੇ ਲੋਕ ਕਈ ਦੇਸਾਂ ਤੋਂ ਯਰੂਸ਼ਲਮ ਵਿੱਚ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਆਏ। ਇਨ੍ਹਾਂ ਲੋਕਾਂ ਨੇ ਯਿਸੂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਹ ਹੈਕਲ ਦੇ ਇਲਾਕੇ ਵਿੱਚ ਖੜ੍ਹੇ ਹੋ ਗਏ ਅਤੇ ਇੱਕ ਦੂਜੇ ਨੂੰ ਕਿਹਾ, “ਕੀ ਉਹ ਇਸ ਤਿਉਹਾਰ ਤੇ ਨਹੀਂ ਆਵੇਗਾ? ਤੁਸੀਂ ਕੀ ਸੋਚਦੇ ਹੋ?” ਪਰ ਮੁੱਖ ਜਾਜਕ ਅਤੇ ਫ਼ਰੀਸੀਆਂ ਨੇ ਆਗਿਆ ਦਿੱਤੀ ਕਿ ਜੇ ਕੋਈ ਜਾਣਦਾ ਹੋਵੇ ਕਿ ਯਿਸੂ ਕਿੱਥੇ ਹੈ। ਉਹ ਉਨ੍ਹਾਂ ਨੂੰ ਦੱਸਣ ਤਾਂ ਜੋ ਪ੍ਰਧਾਨ ਜਾਜਕ ਅਤੇ ਫ਼ਰੀਸੀ ਉਸ ਨੂੰ ਕੈਦ ਕਰ ਸਕਣ।