ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ. 1. ਪੌਲੁਸ, ਜਿਹੜਾ ਪਰਮੇਸ਼ੁਰ ਦੀ ਇੱਛਾ ਤੋਂ ਯਿਸੂ ਮਸੀਹ ਦਾ ਰਸੂਲ ਹੋਣ ਲਈ ਸੱਦਿਆ ਗਿਆ, ਅਤੇ ਸਾਡੇ ਭਰਾ ਸੋਸਥਨੇਸ ਵੱਲੋਂ, ਅੱਗੇ ਯੋਗ ਪਰਮੇਸ਼ੁਰ ਦੀ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ, ਅਰਥਾਤ ਉਹਨਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਕੀਤੇ ਹੋਏ ਅਤੇ ਸੰਤ ਹੋਣ ਲਈ ਸੱਦੇ ਹੋਏ ਹਨ, ਜੋ ਉਨ੍ਹਾਂ ਸਭਨਾਂ ਨਾਲ ਜਿਹੜੇ ਹਰੇਕ ਥਾਂ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ, ਉਹ ਉਨ੍ਹਾਂ ਦਾ ਅਤੇ ਸਾਡਾ ਵੀ ਪ੍ਰਭੂ ਹੈ। ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ l ਮੈਂ ਪਰਮੇਸ਼ੁਰ ਦੀ ਕਿਰਪਾ ਦੇ ਲਈ ਜਿਹੜੀ ਯਿਸੂ ਮਸੀਹ ਵਿੱਚ ਤੁਹਾਨੂੰ ਦਿੱਤੀ ਗਈ ਹੈ, ਤੁਹਾਡੇ ਲਈ ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਜੋ ਤੁਸੀਂ ਉਸ ਵਿੱਚ ਹਰੇਕ ਗੱਲ ਅਤੇ ਸਰਬ ਗਿਆਨ ਵਿੱਚ ਧਨੀ ਕੀਤੇ ਹੋਏ ਹੋ। ਜਿਵੇਂ ਮਸੀਹ ਦੀ ਗਵਾਹੀ ਤੁਹਾਡੇ ਵਿੱਚ ਪੂਰੀ ਹੋਈ। ਇੱਥੋਂ ਤੱਕ ਜੋ ਤੁਹਾਨੂੰ ਕਿਸੇ ਆਤਮਿਕ ਦਾਤ ਦੀ ਕਮੀ ਨਹੀਂ ਹੈ ਜਦ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਕਰਦੇ ਹੋ। ਉਹ ਤੁਹਾਨੂੰ ਅੰਤ ਤੱਕ ਕਾਇਮ ਵੀ ਰੱਖੇਗਾ ਜੋ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਵੋ। ਪਰਮੇਸ਼ੁਰ ਵਫ਼ਾਦਾਰ ਹੈ, ਜਿਸ ਦੇ ਰਾਹੀਂ ਤੁਸੀਂ ਉਹ ਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ ਸੱਦੇ ਗਏ ਹੋ। ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਜੋ ਤੁਸੀਂ ਸਾਰੇ ਇੱਕ ਮਨ ਦੇ ਹੋ ਜਾਓ ਅਤੇ ਤੁਹਾਡੇ ਵਿੱਚ ਕੋਈ ਮਤਭੇਦ ਨਾ ਹੋਣ। ਕਿਉਂਕਿ ਹੇ ਮੇਰੇ ਭਰਾਵੋ, ਕਲੋਏ ਦੇ ਘਰ ਦਿਆਂ ਕੋਲੋਂ ਤੁਹਾਡੇ ਬਾਰੇ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਝਗੜੇ ਹੁੰਦੇ ਹਨ। ਮੇਰਾ ਆਖਣਾ ਇਹ ਹੈ ਜੋ ਤੁਹਾਡੇ ਵਿੱਚੋਂ ਹਰੇਕ ਆਖਦਾ ਹੈ ਭਈ “ਮੈਂ ਪੌਲੁਸ ਦਾ” ਜਾਂ “ਮੈਂ ਅਪੁੱਲੋਸ ਦਾ ਹਾਂ” ਜਾਂ “ਮੈਂ ਕੈਫ਼ਾਸ ਦਾ” ਜਾਂ “ਮੈਂ ਮਸੀਹ ਦਾ ਹਾਂ”। ਭਲਾ, ਕੀ ਮਸੀਹ ਵੰਡਿਆ ਹੋਇਆ ਹੈ? ਕੀ ਪੌਲੁਸ ਤੁਹਾਡੇ ਲਈ ਸਲੀਬ ਦਿੱਤਾ ਗਿਆ ਜਾਂ ਤੁਹਾਨੂੰ ਪੌਲੁਸ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਗਿਆ ਸੀ? ਮੈਂ ਧੰਨਵਾਦ ਕਰਦਾ ਹਾਂ ਜੋ ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਮੈਂ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ। ਜੋ ਕੋਈ ਇਹ ਨਾ ਆਖੇ ਕਿ ਮੇਰੇ ਨਾਮ ਉੱਤੇ ਤੁਹਾਨੂੰ ਬਪਤਿਸਮਾ ਦਿੱਤਾ ਗਿਆ ਸੀ। ਅਤੇ ਮੈਂ ਸਤਫ਼ਨਾਸ ਦੇ ਘਰਾਣੇ ਨੂੰ ਵੀ ਬਪਤਿਸਮਾ ਦਿੱਤਾ। ਇਸ ਤੋਂ ਇਲਾਵਾ ਮੈਂ ਨਹੀਂ ਜਾਣਦਾ ਜੋ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ। ਕਿਉਂ ਜੋ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ ਸਗੋਂ ਖੁਸ਼ਖਬਰੀ ਸੁਣਾਉਣ ਲਈ ਭੇਜਿਆ, ਪਰ ਸ਼ਬਦਾਂ ਦੇ ਗਿਆਨ ਨਾਲ ਨਹੀਂ ਕਿ ਅਜਿਹਾ ਨਾ ਹੋਵੇ ਜੋ ਮਸੀਹ ਦੀ ਸਲੀਬ ਵਿਅਰਥ ਹੋ ਜਾਏ। ਸਲੀਬ ਦੀ ਕਥਾ ਤਾਂ ਉਨ੍ਹਾਂ ਦੇ ਲਈ ਜਿਹੜੇ ਨਾਸ ਹੋ ਰਹੇ ਹਨ, ਮੂਰਖਤਾਈ ਹੈ ਪਰੰਤੂ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ੁਰ ਦੀ ਸਮਰੱਥਾ ਹੈ। ਕਿਉਂ ਜੋ ਲਿਖਿਆ ਹੋਇਆ ਹੈ ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ, ਅਤੇ ਚਤਰਿਆਂ ਦੀ ਚਤਰਾਈ ਨੂੰ ਰੱਦ ਕਰਾਂਗਾ। ਕਿੱਥੇ ਬੁੱਧਵਾਨ? ਕਿੱਥੇ ਉਪਦੇਸ਼ਕ? ਕਿੱਥੇ ਇਸ ਜੁੱਗ ਦਾ ਵਿਵਾਦੀ? ਕੀ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਨਹੀਂ ਠਹਿਰਾਇਆ?। ਇਸ ਲਈ ਕਿ ਜਦੋਂ ਪਰਮੇਸ਼ੁਰ ਦੇ ਗਿਆਨ ਤੋਂ ਐਉਂ ਹੋਇਆ ਭਈ ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ੁਰ ਨੂੰ ਨਾ ਜਾਣਿਆ ਤਦ ਪਰਮੇਸ਼ੁਰ ਨੂੰ ਇਹ ਭਾਇਆ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਵਿਸ਼ਵਾਸੀਆਂ ਨੂੰ ਬਚਾਵੇ। ਯਹੂਦੀ ਤਾਂ ਨਿਸ਼ਾਨੀਆਂ ਮੰਗਦੇ ਅਤੇ ਯੂਨਾਨੀ ਬੁੱਧ ਭਾਲਦੇ ਹਨ। ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ ਹਾਂ। ਉਹ ਯਹੂਦੀਆਂ ਦੇ ਲਈ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲਈ ਮੂਰਖਤਾਈ ਹੈ। ਪਰ ਉਨ੍ਹਾਂ ਦੇ ਲਈ ਜਿਹੜੇ ਸੱਦੇ ਹੋਏ ਹਨ ਭਾਵੇਂ ਯਹੂਦੀ ਭਾਵੇਂ ਯੂਨਾਨੀ ਮਸੀਹ ਪਰਮੇਸ਼ੁਰ ਦੀ ਸਮਰੱਥਾ ਅਤੇ ਪਰਮੇਸ਼ੁਰ ਦਾ ਗਿਆਨ ਹੈ। ਕਿਉਂ ਜੋ ਪਰਮੇਸ਼ੁਰ ਦੀ ਮੂਰਖਤਾਈ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ੁਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ। ਹੇ ਭਰਾਵੋ ਆਪਣੇ ਸੱਦੇ ਉੱਤੇ ਧਿਆਨ ਕਰੋ ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹਨ। ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ। ਅਤੇ ਸੰਸਾਰ ਦੇ ਤੁਛ ਅਤੇ ਤਿਆਗੇ ਹੋਇਆ ਨੂੰ ਨਾਲੇ ਉਹਨਾਂ ਨੂੰ ਜਿਹੜੇ ਹੇ ਹੀ ਨਹੀਂ ਪਰਮੇਸ਼ੁਰ ਨੇ ਚੁਣ ਲਿਆ ਭਈ ਉਨ੍ਹਾਂ ਨੂੰ ਜਿਹੜੇ ਹਨ ਵਿਅਰਥ ਕਰੇ। ਤਾਂ ਕਿ ਕੋਈ ਵੀ ਮਨੁੱਖ ਪਰਮੇਸ਼ੁਰ ਦੇ ਅੱਗੇ ਘਮੰਡ ਨਾ ਕਰੇ। ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੋ ਜਿਹੜਾ ਪਰਮੇਸ਼ੁਰ ਦੀ ਵੱਲੋਂ ਸਾਡੇ ਲਈ ਗਿਆਨ, ਧਾਰਮਿਕਤਾ, ਪਵਿੱਤਰਤਾਈ ਅਤੇ ਛੁਟਕਾਰਾ ਬਣਾਇਆ ਗਿਆ ਸੀ। ਭਈ ਜਿਵੇਂ ਲਿਖਿਆ ਹੋਇਆ ਹੈ, ਜੋ ਕੋਈ ਘਮੰਡ ਕਰੇ ਸੋ ਪ੍ਰਭੂ ਵਿੱਚ ਘਮੰਡ ਕਰੇ।